Mini Stories

ਗਵਾਹ

ਇਸ ਸ਼ਹਿਰ ਵਿਚ ਉਹ ਇਸ ਕਰਕੇ ਆਇਆ ਸੀ ਕਿ ਉਸ ਨੂੰ ਇੱਥੇ ਕੋਈ ਵੀ ਨਹੀ ਸੀ ਜਾਣਦਾ। ਜਿਸ ਮੱਹਲੇ ਵਿਚ ਉਸ ਨੇ ਕਿਰਾਏ ਤੇ ਕਮਰਾ ਲੈ ਕੇ ਰਹਿਣਾ ਸ਼ੁਰੂ ਕੀਤਾ, ਉਸ ਮੱਹਲੇ ਦੇ ਲੋਕ ਉਸ ਨੁੰ ਅਜੀਬ ਨਜ਼ਰਾ ਨਾਲ ਦੇਖਦੇ। ਕਈਆਂ ਨੇ ਤਾਂ ਕੋਸ਼ਿਸ਼ ਵੀ ਕੀਤੀ ਕੇ ਉਸ ਬਾਰੇ ਪਤਾ ਲਗਾਇਆ ਜਾਵੇ ਕਿ ਉਹ ਕਿੱਥੋਂ ਆਇਆ ਹੈ, ਪਰ ਉਹ ਤਾਂ ਕਿਸੇ ਨਾਲ ਵੀ ਖੁੱਲ੍ਹ ਕੇ ਨਾ ਬੋਲਦਾ। ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਦਾ ਜ਼ਵਾਬ ਵੀ ਉਹ ਇੰਨਾ ਹੌਲੀ ਦਿੰਦਾ ਕਿ ਬੁਲਾਉਣ ਵਾਲੇ ਨੂੰ ਮਸੀ ਸੁੱਣਦਾ। ਸਾਰੇ ਮੱਹਲੇ ਦੇ ਲੋਕ ਉਸ ਅਜ਼ਨਵੀ ਬਾਰੇ ਜਾਣਕਾਰੀ ਲੈਣ ਲਈ ਕਹਾਲੇ ਸਨ, ਪਰ ਜਿਸ ਘਰ ਦੇ ਕਮਰੇ ਵਿਚ ਉਹ ਰਹਿ ਰਿਹਾ ਸੀ, ਉਸ ਘਰ ਦੇ ਮਾਲਕ ਮਿਸਟਰ ਸੂਦ ਨੂੰ ਜਿਵੇ ਕੋਈ ਚਿੰਤਾ ਹੀ ਨਾ ਹੋਵੇ।ਅੱਜ ਅਨੂਪ ਸਿੰਘ ਦੇ ਘਰ ਕੋਈ ਧਾਰਮਿਕ ਫੰਕਸ਼ਨ ਸੀ, ਉਸ ਨੂੰ ਵੀ ਬੁਲਾਇਆ ਗਿਆ, ਪਰ ਉਹ ਨਾ ਆਇਆ। ਫੰਕਸ਼ਨ ਤੋਂ ਬਾਅਦ ਆਂਢ-ਗੁਆਂਡ ਦੇ ਲੋਕ ਬੈਠ ਕੇ ਗੱਪ-ਛੱਪ ਮਾਰਨ ਲੱਗੇ। ਉਹਨਾ ਮਿਸਟਰ ਸੂਦ ਤੋਂ ਪੁੱਛਿਆ, “ ਜਿਸ ਨੂੰ ਤੁਸੀ ਕਿਰਾਏ ਤੇ ਕਮਰਾ ਦਿੱਤਾ ਹੈ, ਉਹ ਹੈ ਕੌਣ ?
“ ਮੈਨੂੰ ਉਸ ਬਾਰੇ ਬਹੁਤਾ ਤਾਂ ਪਤਾ ਨਹੀ, ਇੰਨਾ ਕੁ ਪਤਾ ਹੈ ਉਹ ਕਿਸੇ ਫੈਕਟਰੀ ਵਿਚ ਕੰਮ ਕਰਦਾ ਹੈ।”
“ ਜੇ ਤਹਾਨੂੰ ਉਸ ਬਾਰੇ ਜਾਣਕਾਰੀ ਨਹੀ ਤਾਂ ਤੁਸੀ ਉਸ ਨੂੰ ਕਮਰਾ ਕਿਹੜੇ ਲਿਹਾਜ਼ ਨਾਲ ਦਿੱਤਾ”?
“ ਉਹ ਦੇਖਣ ਤੋਂ ਇਕ ਭਲਾ ਇਨਸਾਨ ਨਜ਼ਰ ਆਇਆ।”
“ ਐਹ ਤਾਂ ਕੋਈ ਗੱਲ ਨਾ ਹੋਈ।” ਅਨੂਪ ਸਿੰਘ ਦੇ ਘਰੋਂ ਕਹਿਣ ਲੱਗੀ, “ ਭਰਾ ਜੀ, ਉਸ ਬਾਰੇ ਪੁੱਛ-ਪੜਤਾਲ ਕਰੋ। ਹੋਰ ਨਾ ਕੋਈ ਮੱਹਲੇ ਵਿਚ ਕਾਰਾ ਕਰਕੇ ਤੁਰਦਾ ਬਣੇ ਤਾਂ ਫਿਰ ਕਿਹਦੀ ਮਾਂ ਨੂੰ ਮਾਸੀ ਕਹਾਂਗੇ।”
“ ਅੱਛਾ ਮੈ ਕੋਸ਼ਿਸ਼ ਕਰਾਂਗਾ।” ਮਿਸਟਰ ਸੂਦ ਨੇ ਸਾਦੇ ਜਿਹੇ ਲਫਜ਼ਾ ਵਿਚ ਗੱਲ ਮੁਕਾਈ।
ਅੱਜ ਸ਼ਹਿਰ ਵਿਚ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਜਲਸਾ ਰੱਖਿਆ ਗਿਆ। ਥੋੜ੍ਹੇ ਹੀ ਲੋਕ ਇੱਕਠੇ ਹੋਏ। ਪਰ ਉਹ ਅਜ਼ਨਬੀ ਉਸ ਇਕੱਠ ਵਿਚ ਨਜ਼ਰ ਆਇਆ। ਅਨੂਪ ਸਿੰਘ ਨੇ ਜਦੋਂ ਉਸ ਨੂੰ ਦੇਖਿਆਂ ਤਾਂ ਉਸ ਕੋਲ ਚਲਾ ਗਿਆ।
“ ਸਤਿ ਸ੍ਰੀ ਅਕਾਲ।” ਅੱਜ ਉਸ ਨੇ ਅਨੂਪ ਸਿੰਘ ਨੂੰ ਦੇਖਦਿਆਂ ਸਾਰ ਪਹਿਲਾਂ ਹੀ ਕਹਿ ਦਿੱਤਾ, “ ਮੱਹਲੇ ਵਿਚੋਂ ਕੋਈ ਹੋਰ ਨਹੀ ਆਇਆ।”
“ ਦੇਖਿਆਂ ਤਾਂ ਕੋਈ ਨਹੀ।”
“ ਜਿਸ ਤੇ ਵਾਪਰਦੀ ਹੈ, ਉਹ ਹੀ ਆਉਂਦਾ ਹੈ, ਬਾਕੀਆਂ ਨੂੰ ਕੀ ਲੋੜ ਪਈ?”
ਅਨੂਪ ਸਿੰਘ ਉਸ ਨੂੰ ਇਸ ਤਰਾਂ ਗੱਲਾਂ ਕਰਦਿਆ ਦੇਖ ਕੇ ਹੈਰਾਨ ਵੀ ਹੋਇਆ ਪਰ ਫਿਰ ਵੀ ਉਸ ਨੇ ਇਕਦਮ ਪੁੱਛਿਆ, “ ਤੁਹਾਡਾ ਨਾਮ ਕੀ ਹੈ?”
“ ਨਾਵਾ-ਨੁਮਾ, ਵਿਚ ਕੀ ਪਿਆ, ਪਰ ਤੁਸੀ ਮੈਨੂੰ ਰਣਜੀਤ ਕਹਿ ਸਕਦੇ ਹੋ।” 
ਉਦੋਂ ਹੀ ਸਟੇਜ਼ ਤੋਂ ਭਾਸ਼ਨ ਸ਼ੁਰੂ ਹੋ ਗਏ। ਅਨੂਪ ਸਿੰਘ ਉਸ ਦੇ ਕੋਲ ਹੀ ਖੜ੍ਹਾ ਹੋ ਕੇ ਸੁਨਣ ਲੱਗਾ।
“ ਅਸੀ ਸਰਕਾਰ ਨੂੰ ਮਜ਼ਬੂਰ ਕਰਾਂਗੇ ਕਿ 1947 ਵਿਚ ਅਜ਼ਾਦੀ ਵੇਲੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ, ਉਹ ਪੂਰਾ ਕਰੇ।” ਭਾਸ਼ਨ ਦੇਣ ਵਾਲੇ ਨੇ ਕਿਹਾ, “ ਅਸੀ ਤਾਂ ਆਪਣਾ ਪਾਣੀ ਵੀ ਰੱਜ ਕੇ ਪੀ ਨਹੀ ਸਕਦੇ ਉਹ ਵੀ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ।” 
ਇਹ ਸਾਰੀਆਂ ਗੱਲਾਂ ਸੁਣ ਕੇ ਰਣਜੀਤ ਮੁਸਕ੍ਰਾਇਆ ਤੇ ਬੋਲਿਆ, “ ਪੰਜਾਹ ਸਾਲ ਹੋ ਗਏ ਅਜੇ ਸਿੱਖਾਂ ਦੇ ਵਿਆਹ ਤਾਂ ਹਿਦੂੰ ਮੈਰਿਜ਼ ਐਕਟ ਦੇ ਥੱਲੇ ਹੋ ਰਹੇ ਨੇ ਬਾਕੀ ਗੱਲਾਂ ਤੁਹਾਡੀਆਂ ਜ਼ਰੂਰ ਮੰਨ ਜਾਣਗੇ।”
ਉਸ ਦੀ ਇਹ ਗੱਲ ਸੁਣ ਕੇ ਕਈਆਂ ਨੇ ਉਸ ਵੱਲ ਦੇਖਿਆ ਤਾਂ ਉਹ ਵਿੰਆਗ ਭਰੀ ਮੁਸਕਰਾਟ ਨਾਲ ਮੁਸਕ੍ਰਾਇਆ।
ਭਾਸ਼ਨ ਮੁੱਕਣ ਤੋਂ ਬਾਅਦ ਉਸ ਨੇ ਅਨੂਪ ਸਿੰਘ ਨੂੰ ਪੁੱਛਿਆ, “ ਤੁਹਾਡੇ ਨਾਲ ਕੀ ਹੋਇਆ ਜੋ ਤੁਸੀ ਜਲਸੇ ਵਿਚ ਭਾਗ ਲੈਣ ਆਏ ਹੋ?”
“ 1988 ਵਿਚ ਮੇਰੀ ਭੈਣ ਦਾ ਸਾਰਾ ਟੱਬਰ ਹੀ ਪੰਜਾਬ ਪੁਲੀਸ ਨੇ ਮਾਰ ਮੁਕਾਇਆ।” ਅਨੂੰਪ ਸਿੰਘ ਨੇ ਜ਼ਵਾਬ ਦਿੱਤਾ, “ ਭਾਣਜਾ ਖਾੜਕੂਆਂ ਨਾਲ ਜਾ ਰਲਿਆ ਸੀ।”
“ ਅੱਛਾ, ਅੱਛਾ, ਤਾਂਹੀਉਂ ਤੁਸੀ ਆਏ।” ਉਸ ਨੇ ਕਿਹਾ, “ ਮੱਹਲੇ ਵਿਚੋਂ ਕਿਸੇ ਆਂਢੀ_ਗੁਆਂਢੀ ਨੂੰ ਨਾਲ ਲੈ ਆਉਣਾ ਸੀ ਇਕੱਲੇ ਆਏ ਹੋ।
ਅਨੂਪ ਸਿੰਘ ਨੂੰ ਭਾਂਵੇ ਯਕੀਨ ਨਹੀ ਹੋ ਰਿਹਾ ਸੀ ਕਿ ਉਹ ਹੀ ਬੰਦਾ ਹੈ ਜੋ ਮੱਹਲੇ ਵਿਚ ਕਿਸੇ ਨਾਲ ਬੋਲਦਾ ਨਹੀ ਤੇ ਅੱਜ ਚੁੱਪ ਹੀ ਨਹੀ ਹੋ ਰਿਹਾ, ਫਿਰ ਵੀ ਉਸ ਨੇ ਰਣਜੀਤ ਦੀ ਹਰ ਗੱਲ ਦਾ ਜ਼ਵਾਬ ਦਿੱਤਾ, “ ਨਾ ਜੀ, ਆਂਢੀ- ਗੁਆਂਡੀ ਨੇ ਨਾਲ ਕੀ ਆਉਣ ਸੀ, ਉਹਨਾ ਦੇ ਤਾਂ ਸਾਹਮਣੇ ਜੇ ਕਿਤੇ 1984 ਦੇ ਕਿਸੇ ਸ਼ਹੀਦ ਦਾ ਨਾਮ ਵੀ ਲੈ ਲਈਏ ਤਾਂ ਕਈ ਪਤਾ ਕੀ ਕਹਿਣਗੇ”?
“ ਕੀ ਕਹਿੰਦੇ ਨੇ?” ਰਣਜੀਤ ਨੇ ਇਕਦਮ ਪੁੱਛਿਆ।
“ ਮਸੀ ਪੰਜਾਬ ਵਿਚ ਸ਼ਾਤੀ ਹੋਈ ਹੈ, ਮੁੜ ਮੁੜ ਉਹੋ ਗੱਲਾਂ ਨਾ ਕਰੋ।” ਉਹ ਫਿਰ ਹੱਸਦਾ ਹੋਇਆਂ ਬੋਲਿਆ, “ ਉਹਨਾ ਦਾ ਕੋਈ ਨੁਕਸਾਨ ਜਿਉਂ ਨਹੀ ਹੋਇਆ ਹੁੰਦਾ, ਇਹਨਾ ਲੋਕਾਂ ਨੂੰ ਤਾਂ ਬਸ ਇੰਨਾ ਹੀ ਹੈ ਖਾਣ ਨੂੰ ਮਿਲੀ ਜਾਵੇ ਚਾਹੇ ਮੰਗ ਕੇ ਖਾਣਾ ਪੈ ਜਾਵੇ।ਕੋਈ ਪੁੱਤ-ਭਤੀਜਾ ਪੁਲੀਸ ਨੇ ਚੁੱਕ ਕੇ ਮਾਰਿਆ ਹੁੰਦਾ ਫਿਰ ਦੇਖਦੇ ਕਿੰਨੀ ਕੁ ਸ਼ਾਤੀ ਦੀਆਂ ਗੱਲਾਂ ਕਰਦੇ।”
ਲੋਹਾ ਗਰਮ ਹੁੰਦਾ ਦੇਖ ਕੇ ਅਨੂਪ ਸਿੰਘ ਨੇ ਇਕਦਮ ਸੱਟ ਮਾਰੀ, “ ਤੁਹਾਡੇ ਨਾਲ ਵੀ ਕੁੱਝ ਹੋਇਆ ਲੱਗਦਾ ਹੈ।”
ਉਹ ਇਕਦਮ ਗੰਭੀਰ ਅਤੇ ਸ਼ਾਂਤ ਹੋ ਗਿਆ। ਪਰ ਉਸ ਦੇ ਅੰਦਰਲੇ ਦਰਦ ਦੀ ਪੀੜ ਉਸ ਦੇ ਚਿਹਰੇ ਤੇ ਝਲ਼ਕਣ ਲੱਗੀ। ਉਸ ਨੇ ਪੂਰਾ ਯਤਨ ਕੀਤਾ ਸਭ ਕੁੱਝ ਲਕਾਉਣ ਦਾ। ਉਸ ਦੇ ਹਾਭ-ਭਾਵ ਤੋਂ ਪਤਾ ਲੱਗ ਰਿਹਾ ਸੀ ਉਸ ਦਾ ਰੋਮ ਰੋਮ ਕੁਰਲਾ ਉੱਠਿਆ ਹੈ। ਉਹ ਨਾਲ ਲੱਗਦੀ ਪਾਰਕ ਵੱਲ ਨੂੰ ਤੁਰ ਪਿਆ। ਉਸ ਦੇ ਦਰਦ ਨਾਲ ਹਮਦਰਦੀ ਕਰਕੇ ਜਾਂ ਗੁਆਂਢੀ ਹੋਣ ਕਰਕੇ ਅਨੂਪ ਸਿੰਘ ਉਸ ਦੇ ਮਗਰ ਹੀ ਤੁਰ ਪਿਆ। ਉਹ ਸੁੱਨ-ਸਾਨ ਬੈਂਚ ਦੇਖ ਕੇ ਬੈਠ ਗਿਆ। ਅਨੂਪ ਸਿੰਘ ਵੀ ਉਸ ਦੇ ਕੋਲ ਜਾ ਕੇ ਬੈਠ ਗਿਆ। ਉਸ ਦੇ ਸੀਰਅਸ ਮੂਡ ਨੂੰ ਦੇਖ ਕੇ ਅਨੂਪ ਸਿੰਘ ਨੇ ਹੀ ਗੱਲ ਸ਼ੂਰੂ ਕੀਤੀ, “ ਉਸ ਦਿਨ ਤੁਸੀ ਸਾਡੇ ਘਰ ਵੀ ਨਹੀ ਆਏ, ਅਸਾਂ ਤਹਾਨੂੰ ਸੁਨੇਹਾ ਵੀ ਭੇਜਿਆ ਸੀ।”
“ਜਿੱਥੇ ਸਮਾਜਿਕ ਸਭਾਂਵਾਂ ਹੁੰਦੀਆਂ ਹੋਣ, ਉੱਥੇ ਮੈ ਘੱਟ ਹੀ ਜਾਂਦਾ ਹਾਂ।”
“ ਨਹੀ ਸਾਡੇ ਘਰ ਤਾਂ ਧਾਰਮਿਕ ਸਮਾਗਮ ਸੀ।”
“ ਧਾਰਮਿਕ ਸਮਾਗਮ ਵੀ ਅੱਜਕਲ ਸਮਾਜਕ ਹੀ ਹੋ ਨਿਬੜਦੇ ਨੇ”
ਅਨੂਪ ਸਿੰਘ ਨੂੰ ਉਸ ਦੀਆਂ ਗੱਲਾਂ ਦੀ ਸਮਝ ਭਾਂਵੇ ਘੱਟ ਹੀ ਲੱਗ ਰਹੀ ਸੀ ਪਰ ਫਿਰ ਵੀ ਗੱਲ ਅਗਾਂਹ ਤੋਰਨ ਦੇ ਬਹਾਨੇ ਨਾਲ ਕਿਹਾ, “ ਤੁਸੀ ਲੋਕਾਂ ਵਿਚ ਉਠਣਾ- ਬੈਠਣਾ ਪਸੰਦ ਨਹੀ ਕਰਦੇ?”
“ ਦਰਅਸਲ ਕਈ ਲੋਕ ਮੈਨੂੰ ਨਹੀ ਪਸੰਦ ਕਰਦੇ।”
ਉਹ ਹਰ ਗੱਲ ਦਾ ਜ਼ਵਾਬ ਇਸ ਤਰਾਂ ਦੇ ਰਿਹਾ ਸੀ ਕਿ ਉਸ ਦਾ ਦਿੱਤਾ ਜ਼ਵਾਬ ਫਿਰ ਸਵਾਲ ਬਣ ਜਾਂਦਾ, ਜਿਸ ਦੀ ਸਮਝ ਅਨੂੰਪ ਸਿੰਘ ਨੂੰ ਬਿਲਕੁਲ ਨਹੀ ਸੀ ਲੱਗ ਰਹੀ, ਪਰ ਫਿਰ ਵੀ ਉਸ ਬਾਰੇ ਜਾਣਨਾ ਚਾਹੁੰਦਾ ਸੀ ਕਿ ਉਹ ਹੈ ਕੌਣ ?
“ ਤਹਾਨੂੰ ਲੋਕ ਕਿਉਂ ਨਹੀ ਪਸੰਦ ਕਰਦੇ?” ਅਨੂਪ ਸਿੰਘ ਨੇ ਪੁੱਛਿਆ, “ ਨਾ ਪਸੰਦਗੀ ਦਾ ਕੋਈ ਕਾਰਨ
“ ਜਲਸੇ ਵਿਚ ਸ਼ਾਮਲ ਦੇਖ ਕੇ ਮੈ ਮਹਿਸੂਸ ਕੀਤਾ ਕਿ ਤੁਸੀ ਵੀ ਮੇਰੇ ਵਾਂਗ ਕਿਸੇ ਦੁੱਖ ਦੇ ਭਾਰ ਥੱਲੇ ਹੋ, ਇਸ ਲਈ ਤਹਾਨੂੰ ਬੁਲਾ ਲਿਆ।”
“ ਵੈਸੇ ਆਪਾਂ ਗੁਆਢੀ ਵੀ ਹਾਂ।” ਅਨੂਪ ਸਿੰਘ ਨੇ ਸਿੱਧਾ ਹੀ ਕਿਹਾ, “ ਤੁਸੀ ਲੋਕਾਂ ਨੂੰ ਪਸੰਦ ਨਹੀ ਕਰਦੇ ਜਾਂ ਲੋਕ ਤਹਾਨੂੰ ਪਸੰਦ ਨਹੀ ਕਰਦੇ ਇਸ ਬਾਰੇ ਮੈਨੂੰ ਚੰਗੀ ਤਰਾਂ ਸਮਝਾਉ।”
“ ਤਹਾਨੂੰ ਦਸ ਤਾਂ ਦਿੰਦਾ ਹਾਂ, ਪਰ ਜੇ ਕਦੇ ਮੈਨੂੰ ਕੋਈ ਮੱਦਦ ਦੀ ਲੋੜ ਪਈ ਤਾਂ ਆਪ ਮੈਨੂੰ ਸਹਿਯੋਗ ਦੇਵੋਂਗੇ।”
“ ਲਉ ਜੀ, ਆਂਢ-ਗੁਆਂਢ ਹੋਰ ਕਿਸ ਲਈ ਹੁੰਦਾ ਹੈ।” ਅਨੂਪ ਸਿੰਘ ਨੇ ਅਪਨੱਤ ਭਰੀ ਅਵਾਜ਼ ਵਿਚ ਕਿਹਾ, “ ਅੱਜ ਜਲਸੇ ਵਿਚ ਆਪਾਂ ਸਿੱਖਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਮਿਲੇ ਹਾਂ।ਹੁਣ ਅਗਾਂਹ ਵੀ ਆਪਣਾ ਸਾਥ ਬਣਿਆ ਰਹੇਗਾ।”
“ ਅੱਛਾ ਚਲੋ, ਉਹ ਤਾਂ ਅਗਾਂਹ ਹੀ ਦੇਖੀ ਜਾਵੇਗੀ, ਪਹਿਲਾ ਮੈ ਤਹਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸ ਦਿੰਦਾ ਹਾਂ, ਪਰ ਹਾਂ ਇਕ ਗੱਲ ਦਾ ਖਿਆਲ ਰੱਖਣਾ, ਜੋ ਮੈ ਦੱਸਣ ਲੱਗਾਂ ਹਾਂ ਉਸ ਦਾ ਜਿਕਰ ਕਿਸੇ ਹੋਰ ਕੋਲ ਨਾ ਕਰਨਾ।” 
“ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ” ਅਨੂਪ ਸਿੰਘ ਨੇ ਉਸ ਦੀ ਜਾਣਕਾਰੀ ਲੈਣ ਲਈ ਉਤਸਕਤਾ ਨਾਲ ਕਿਹਾ, “ ਤੁਹਾਡੇ ਕੋਲੋ ਕੋਈ ਜ਼ੁਲਮ ਤਾਂ ਨਹੀ ਹੋ ਗਿਆ।
“ਨਹੀ, ਪਰ ਜ਼ੁਲਮ ਹੁੰਦਾ ਜ਼ਰੂਰ ਦੇਖਿਆ।1984 ਦੀ ਗੱਲ ਹੈ, ਕਾਨਪੁਰ ਵਿਚ ਆਪਣੇ ਦੋਸਤ ਸਤਵਿੰਦਰ ਨਾਲ ਰਹਿੰਦਾ ਸਾਂ। ਮੈ ਤਾਂ ੳਦੋਂ ਕਲੀਨ-ਸ਼ੇਵ ਸਾਂ ਪਰ ਮੇਰੇ ਦੋਸਤ ਦੇ ਕੇਸ ਸਨ। ਨਵੰਬਰ ਦੇ ਮਹੀਨੇ ਦੀ ਇਕ ਢਲੀ ਸ਼ਾਮ ਨੂੰ ਅਸੀ ਦੋਨੋ ਸਹਿਮੇ ਹੋਏ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਬੀ .ਬੀ. ਸੀ. ਰੇਡਿਉ ਤੋ ਉਹ ਸਭ ਕੁੱਝ ਸੁਣ ਰਹੇ ਸਾਂ ਜੋ ਦਿਲੀ ਵਿਚ ਵਾਪਰ ਰਿਹਾ ਸੀ।”
“ ਕਿਤੇ ਤੁਸੀ ਚੌਰਾਸੀ ਦੰਗਿਆਂ ਦੀ ਗੱਲ ਤਾਂ ਨਹੀ ਕਰ ਰਿਹੇ।” ਅਨੂਪ ਸਿੰਘ ਨੇ ਵਿਚੋਂ ਹੀ ਕਿਹਾ, 
“ ਉਦੋਂ ਦੰਗਿਆਂ ਦੀ ਹਨੇਰੀ ਕਾਨਪੁਰ ਵਿਚ ਵੀ ਬਥੇਰੀ ਝੁਲੀ ਸੀ।”
“ ਇਸ ਜ਼ੁਲਮ ਨੂੰ ਦੰਗਿਆਂ ਦਾ ਨਾਮ ਪਤਾ ਨਹੀ ਕਿਸ ਨੇ ਦੇ ਦਿੱਤਾ?” ਰਣਜੀਤ ਨੇ ਦੱਸਿਆ, “
ਦੰਗੇ ਤਾਂ ਉਹ ਹੁੰਦੇ ਨੇ ਜਦੋਂ ਦੋਵਾਂ ਧਿਰਾਂ ਦਾ ਨੁਕਸਾਨ ਹੋਵੇ ਜਿਵੇ 1947 ਵਿਚ ਦੇਸ਼ਾਂ ਦੀ ਵੰਡ ਸਮੇ ਹੋਇਆ, ਪਰ 84 ਵਿਚ ਤਾਂ ਇਕ ਹੀ ਧਿਰ ਨੂੰ ਸਾਜਸ਼ ਅਧੀਨ ਪੀਸ ਕੇ ਰੱਖ ਦਿੱਤਾ।”
“ਹਾਂ, ਗੱਲ ਤਾਂ ਤੁਹਾਡੀ ਠੀਕ ਹੈ। ਫਿਰ ਉਸ ਸ਼ਾਮ ਨੂੰ ਕੀ ਹੋਇਆ?”
“ ਕਿਸੇ ਨੇ ਸਾਡਾ ਦਰਵਾਜ਼ਾ ਖੜਕਾਇਆ, ਅਸੀ ਇਕਦਮ ਤ੍ਰਬੱਕੇ, ਕੋਣ ਹੋ ਸਕਦਾ ਹੈ? ਸਾਡੀਆਂ ਨਜ਼ਰਾਂ ਨੇ ਹੀ ਇਕ ਦੂਜੇ ਨੂੰ ਪੁੱਛਿਆ। ਕਿਉਂ ਕਿ ਜਿਸ ਘਰ ਦੇ ਕਿਰਾਏ ਦੇ ਕਮਰੇ ਵਿਚ ਅਸੀ ਰਹਿੰਦੇ ਸਾਂ ਉਸ ਦਾ ਮੇਨ ਦਰਵਾਜ਼ਾ ਤਾਂ ਗਲੀ ਦੇ ਉੱਪਰ ਹੀ ਪੈਂਦਾ ਸੀ। ਸਾਡੇ ਕਮਰੇ ਦਾ ਦਰਵਾਜ਼ਾ ਘਰ ਦੇ ਪਿੱਛਲੇ ਹਿੱਸੇ ਵਿਚ ਖੁੱਲਦਾ ਸੀ, ਸਾਡੀ ਕੋਈ ਬਹੁਤੀ ਜਾਣ-ਪਹਿਚਾਨ ਵੀ ਨਹੀ ਸੀ, ਅਸੀ ਤਾਂ ਸਿਰਫ ਪੜ੍ਹਾਈ ਕਰਨ ਦੇ ਮਕਸਦ ਨਾਲ ਹੀ ਕਾਨਪੁਰ ਗਏ ਸੀ। ਦਰਵਾਜ਼ਾ ਫਿਰ ਖੜਕਿਆ।ਸ਼ਾਇਦ ਮਾਲਕ ਮਕਾਨ ਨਾ ਹੋਵੇ, ਸਤਵਿੰਦਰ ਨੇ ਕਿਹਾ,” ਪਰ ਉਹ ਕਦੀ ਇਸ ਤਰਾਂ ਆਇਆ ਨਹੀ।“ਕਿਤੇ ਕੋਈ ਸਾਡੇ ਨਾਲ ਸ਼ਾਜ਼ਿਸ ਹੀ ਨਾ ਕਰ ਰਿਹਾ ਹੋਵੇ, “ ਮੈ ਸਤਵਿੰਦਰ ਦੀ ਪੱਗ ਵੱਲ ਦੇਖ ਕਿਹਾ, “ਤੂੰ ਅਲਮਾਰੀ ਦੇ ੳਹੁਲੇ ਹੋ ਜਾ, ਮੈ ਦਰਵਾਜ਼ਾ ਖੋਲ੍ਹਦਾ ਹਾਂ।” ਇਹ ਕਹਿ ਕੇ ਰਣਜੀਤ ਜਰਾ ਰੁੱਕ ਗਿਆ।
“ਫਿਰ ਤੁਸੀ ਦਰਵਾਜ਼ਾ ਖੋਲ੍ਹ ਦਿੱਤਾ।” ਅਨੂਪ ਸਿੰਘ ਨੇ ਪੁੱਛਿਆ
“ ਹਾਲਾਤ ਦੇਖਦਾ ਹੋਇਆ ਮੈ ਦਿਲੋਂ ਤਾਂ ਦਰਵਾਜ਼ਾ ਖੋਲਣ ਤੋਂ ਡਰਦਾ ਸੀ, ਪਰ ਸਤਵਿੰਦਰ ਕਹਿਣ ਲੱਗਾ, “ ਖੋਲ੍ਹਦੇ ਦਰਵਾਜ਼ਾ ਡਰ ਨਾ, ਆਪਾਂ ਇਸ ਸ਼ਹਿਰ ਵਿਚ ਨਵੇ ਤਾਂ ਆਏ ਹਾਂ,ਕਿਸੇ ਨੂੰ ਘੱਟ ਹੀ ਪਤਾ ਹੋਵੇਗਾ ਇਸ ਕਮਰੇ ਵਿਚ ਕੋਈ ਸਰਦਾਰ ਵੀ ਰਹਿੰਦਾ ਹੈ।” ਉਸ ਨੂੰ ੳਹੁਲੇ ਕਰਕੇ ਮੈ ਦਰਵਾਜ਼ਾ ਖੋਲ੍ਹ ਦਿੱਤਾ, ਪੰਜ ਹੱਟੇ ਕੱਟੇ ਗੁੰਡੇ ਮੈਨੂੰ ਇਕ ਪਾਸੇ ਨੂੰ ਧੱਕਦੇ ਹੋਏ, ਧੁਸ ਦੇ ਕੇ ਕਮਰੇ ਵਿਚ ਦਾਖਲ ਹੋਏ ਅਤੇ ਸਿੱਧੇ ਅਲਮਾਰੀ ਵੱਲ ਗਏ। ਉੱਥੇ ਖਲੋਤੇ ਸਤਵਿੰਦਰ ਸਿੰਘ ਨੂੰ ਫੜ੍ਹ ਕੇ ਉਸ ਦੀ ਧੂ-ਖਿਚ ਕਰਦੇ ਉਸ ਨੂੰ ਮਾਰਨ ਲੱਗੇ, ਉਸ ਦੀ ਪੱਗ ਮੇਰੇ ਪੈਰਾਂ ਵਿਚ ਡਿਗ ਪਈ, ਮੈ ਪੱਗ ਚੁੱਕ ਕੇ ਬਦਮਾਸ਼ਾ ਦੀ ਮਿਨਤ ਤਰਲਾ ਕਰਨ ਲੱਗਾ, “ ਤੁਸੀ ਇਸ ਨੂੰ ਕੁੱਝ ਨਾ ਕਹੋ।” ਇੱਕ ਅੱਧਖੜ ਜਿਹਾ ਬਦਮਾਸ਼ ਮੈਨੂੰ ਕੁੱਤੇ ਵਾਂਗ ਪਿਆ, “ ਤੁਮ ਹਿਦੂੰ ਹੋ ਕੇ ਵੀ ਹਰਾਮੀ ਹੋ , ਫਿਰ ਵੀ ਇਸ ਕੀ ਤਰਫਦਾਰੀ ਕਰਤੇ ਹੋ” ਦਰਵਾਜੇ ਦੇ ਅੱਗੇ ਬਣੀ ਥੜ੍ਹੀ ਉੱਪਰ ਹੀ ਮੇਰੇ ਦੇਖਦੇ ਦੇਖਦੇ ਹੀ ਉਹਨਾ ਨੇ ਨਾਲ ਲਿਆਂਦੀ ਕੈਨੀ ਵਿਚਲਾ ਤੇਲ ਸਤਵਿੰਦਰ ਉੱਪਰ ਸੁੱਟ ਕੇ ਅੱਗ ਲਗਾ ਦਿੱਤੀ।
“ੳਦੋਂ ਤਾਂ ਜੀ, ਇਸ ਤਰਾਂ ਦੇ ਗੁੰਡੇ ਲੋਕ ਪਤਾ ਨਹੀ ਟੋਲਿਆਂ ਦੇ ਟੋਲੇ ਕਿੱਥੋਂ ਨਿਕਲ ਆਏ?” ਅਨੂਪ ਸਿੰਘ ਨੇ ਕਿਹਾ, “ ਤੁਸੀ ਉਸ ਸ਼ਹਿਰ ਵਿਚ ਨਵੇ ਸੀ, ਪਰ ਉਹਨਾ ਨੂੰ ਕਿਵੇ ਪਤਾ ਲੱਗ ਗਿਆ ਕਿ ਇਸ ਕਮਰੇ ਵਿਚ ਕੋਈ ਸਰਦਾਰ ਰਹਿੰਦਾ ਹੈ?”
“ ਉਹਨਾ ਨੂੰ ਤਾਂ ਲਿਸਟਾ ਵੰਡੀਆਂ ਗਈਆਂ ਸਨ ਕਿ ਪੱਗਾਂ ਵਾਲੇ ਕਿਹੜੇ ਕਮਰੇ ਅਤੇ ਕਿਹੜੇ ਘਰ ਵਿਚ ਰਹਿੰਦੇ ਨੇ।” ਰਣਜੀਤ ਨੇ ਵਿਸਥਾਰ ਨਾਲ ਦੱਸਿਆ, “ ਘਰਾਂ ਦੇ ਦਰਵਾਜ਼ਿਆਂ ਤੇ ਪਹਿਲਾ ਨਿਸ਼ਾਨ ਲਗਾਏ ਗਏ,ਫਿਰ ਗੁੰਡੇ ਉਹਨਾਂ ਨਿਸ਼ਾਨਾ ਵਾਲਿਆਂ ਦਰਵਾਜ਼ਿਆਂ ਦੇ ਅੰਦਰ ਗਏ।”
“ ਇਸ ਦਾ ਮਤਲਵ ਇਸ ਚਾਲ ਦੇ ਪਿੱਛੇ ਕਿਸੇ ਬਹੁਤ ਵੱਡੇ ਨੇਤਾ ਦਾ ਹੱਥ ਸੀ।” ਅਨੂਪ ਸਿੰਘ ਨੇ ਕਿਹਾ, “ ਸਿੱਖਾਂ ਨੇ ਜਿਨਾਂ ਨੂੰ ਰਾਜ ਲੈ ਕੇ ਦਿੱਤਾ ਸੀ, ਉਹ ਹੀ ਸਾਡੇ ਨਾਲ ਗੰਦੀ ਰਾਜਨੀਤੀ ਖੇਡ ਗਏ”
“ ਹੁਣ ਕਿਹੜਾ ਨਹੀ ਖੇਡਦੇ।” ਅਨੂਪ ਸਿੰਘ ਨੇ ਕਿਹਾ, “ ਨਾਲੇ ਇੱਕਲੇ ਇਕ ਨੇਤਾ ਦਾ ਹੱਥ ਨਹੀ, ਵੱਡੇ ਵੱਡੇ ਕਈ ਨੇਤਾਵਾ ਦੇ ਹੱਥ ਆ।ਉਸ ਤਰਾਂ ਮੈ ਹੁਣ ਮਨ ਬਣਾ ਲਿਆ ਹੈ ਕਿ ਅਦਾਲਤ ਵਿਚ ਜਾ ਕੇ ਉਗਲਾਂ ਕਰ ਕਰ ਕੇ ਉਹਨਾਂ ਦੇ ਨਾਮ ਲੋਕਾਂ ਸਾਹਮਣੇ ਨੰਗੇ ਕਰਾਂਗਾ।”
“ ਤੁਸੀ ਅਦਾਲਤ ਵਿਚ ਹੁਣ ਤਕ ਗਵਾਹੀ ਕਿਉਂ ਨਹੀ ਦਿੱਤੀ? ਅੱਜ ਕਲ ਇਸ ਤਰਾਂ ਦੀਆਂ ਗੱਲਾਂ ਬਹੁਤ ਸਾਹਮਣੇ ਆ ਰਹੀਆਂ ਏ, ਕਮਸ਼ਿਨ ਬੈਠਾਏ ਜਾ ਰਹੇ ਨੇ।”
ਇਹ ਗੱਲ ਸੁਣ ਕੇ ਰਣਜੀਤ ਫਿਰ ਵਿੰਆਗ ਭਰਪੂਰ ਮੁਸਕ੍ਰਾਉਂਦਾ ਬੋਲਿਆ, “ ਮੇਰੇ ਤੇ ਤੁਹਾਡੇ ਵਰਗੇ ਇਹ ਹੀ ਸੋਚ ਕੇ ਖੁਸ਼ ਹੋ ਜਾਂਦੇ ਆ ਕਿ ਸਾਡੇ ਮੁਕੱਦਮਿਆ ਲਈ ਕਮਸ਼ਿਨ ਬੈਠਾਇਆ ਗਿਆ। ਜਦੋਂ ਕਿ ਅਜੇ ਤਕ ਕਿਸੇ ਕਮਸ਼ਿਨ ਅਤੇ ਅਦਾਲਤ ਨੇ ਸਾਡੇ ਹੱਕ ਵਿਚ ਇਕ ਵੀ ਫੈਂਸਲਾ ਨਹੀ ਦਿੱਤਾ।”
“ ਤੁਸੀ ਗਵਾਹੀ ਦਿਉ।” ਅਨੂਪ ਸਿੰਘ ਨੇ ਕਿਹਾ, “ ਬਾਕੀ ਮੈ ਸੰਭਾਲ ਲਊ।”
“ ਸੋਚ ਲਉ, ਕਿਉਂਕਿ ਜਿਨਾਂ ਦੇ ਖਿਲਾਫ ਮੈ ਗਵਾਹੀ ਦੇਣ ਲਈ ਤਿਆਰ ਹੋ ਰਿਹਾ ਹਾਂ।” ਰਣਜੀਤ ਨੇ ਅਸਲੀ ਗੱਲ ਦੱਸੀ, “ ਉਹ ਮੈਨੂੰ ਮਰਵਾਉਣ ਦੀਆਂ ਧਮਕੀਆਂ ਭੇਜ ਰਹੇ ਹਨ, ਇਸੇ ਲਈ ਤਾਂ ਮੈ ਇਸ ਨਵੇ ਸ਼ਹਿਰ ਵਿਚ ਲੁਕ ਕੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।”
“ ਤੁਸੀ ਇਸ ਗੱਲ ਦਾ ਕੋਈ ਫਿਕਰ ਨਾ ਕਰੋ।” ਅਨੂਪ ਸਿੰਘ ਨੇ ਹੌਸਲੇ ਨਾਲ ਕਿਹਾ, “ ਤੁਸੀ ਮੇਰੇ ਘਰ ਵਿਚ ਕਮਰਾ ਲੈ ਕੇ ਰਹਿ ਸਕਦੇ ਹੋ, ਸਾਡੇ ਕੋਲ ਹੁੰਦਿਆਂ ਤੁਹਾਡਾ ਕੋਈ ਵਾਲ ਵੀ ਵਿੰਗਾਂ ਨਹੀ ਕਰ ਸਕਦਾ।”
“ ਬਹੁਤ ਬਹੁਤ ਧੰਨਵਾਦ।” ਰਣਜੀਤ ਸਿੰਘ ਨੇ ਕਿਹਾ, “ ਤੁਸੀ ਮੇਰੀ ਮੱਦਦ ਕਰਨ ਲਈ ਤਿਆਰ ਹੋ, ਬਹੁਤ ਲੋਕ ਤਾਂ ਮੇਰਾ ਗਵਾਹ ਹੋਣਾ ਸੁਣ ਕੇ ਹੀ ਭੁਰਨ ਗੁੱਡੀ ਹੋ ਜਾਂਦੇ ਨੇ।”
ਦੋਨੋ ਬੈਂਚ ਉੱਪਰ ਬੈਠੇ ਕਿੰਨੀ ਦੇਰ ਇਸ ਤਰਾਂ ਦੀਆਂ ਗੱਲਾਂ ਕਰਦੇ ਰਹੇ। ਅਨੂਪ ਸਿੰਘ ਉਸ ਨੂੰ ਸਾਥ ਦੇਣ ਦਾ ਵਾਅਦਾ ਕਰਕੇ ਘਰ ਨੂੰ ਵਾਪਸ ਆ ਗਿਆ।ਘਰ ਦੇ ਦਰਵਾਜ਼ੇ ਵਿਚ ਦਾਖਲ ਹੁੰਦਿਆ ਹੀ ਘਰਵਾਲੀ ਨੇ ਕਿਹਾ, “ ਤੁਸੀ ਜਲਸੇ ਤੇ ਗਏ ਹੀ ਨਾ ਮੁੜੇ, ਕਿਧਰ ਚਲੇ ਗਏ ਸੀ?”
“ ਆਪਣਾ ਗੁਵਾਢੀ ਜੋ ਮਿਸਟਰ ਸੂਦ ਦਾ ਕਿਰਾਏਦਾਰ ਹੈ, ਉਹ ਮਿਲ ਪਿਆ ਸੀ, ਉਸ ਨਾਲ ਹੀ ਗੱਲਾਂ-ਬਾਤਾਂ ਕਰ ਦਿਆਂ ਪਤਾ ਹੀ ਨਹੀ ਚਲਿਆ ਟਾਈਮ ਦਾ।”
“ ਉਸ ਦਿਨ ਬਲਾਉਣ ਤੇ ਵੀ ਉਹ ਸਾਡੇ ਘਰ ਨਹੀ ਆਇਆ।” ਪਤਨੀ ਨੇ ਗੁੱਸੇ ਨਾਲ ਕਿਹਾ, “ ਅੱਜ ਕਿਹੜੀ ਕਥਾ ਕਰਨ ਲੱਗ ਪਿਆ ਸੀ ਜਿਹੜਾ ਤਹਾਨੂੰ ਟਾਈਮ ਦੇਖਣ ਦਾ ਵੀ ਚੇਤਾ ਭੁੱਲ ਗਿਆ।
“ ਤੂੰ ਉਸ ਦਿਨ ਵਾਲੀ ਗੱਲ ਛੱਡ, “ ਅਨੂਪ ਸਿੰਘ ਪਿਆਰ ਨਾਲ ਪਤਨੀ ਨੂੰ ਸਮਝਾਉਂਦਾ ਹੋਇਆ ਬੋਲਿਆ, “ ਹੁਣ ਉਸ ਨੂੰ ਆਪਾਂ ਆਪਣੇ ਘਰ ਵਿਚ ਹੀ ਲੈ ਆਉਣਾ ਹੈ ਤੇ ਸਾਈਡ ਵਾਲਾ ਕਮਰਾ ਉਸ ਨੂੰ ਦੇ ਦੇਵਾਂਗੇ। ਬਹੁਤ ਨੇਕ ਬੰਦਾ ਆ।”
“ ਚਲੋਂ ਉਹ ਤਾਂ ਚੰਗਾ, ਮਹੀਨੇ ਦੇ ਮਹੀਨੇ ਕਿਰਾਇਆ ਹੀ ਆਵੇਗਾ। ਉਸ ਵਿਚ ਨੇਕੀ ਕੀ ਦੇਖੀ ਉਹ ਦੱਸੋ, ਫਿਰ ਹੀ ਮੈ ਉਸ ਨੂੰ ਆਪਣੇ ਘਰ ਵੜਨ ਦੇਵਾਂਗੀ।”
“ ਅਗਾਂਹ ਕਿਸੇ ਕੋਲ ਗੱਲ ਨਾ ਕਰੀ।” ਅਨੂਪ ਸਿੰਘ ਨੇ ਹੌਲੀ ਜਿਹੀ ਕਿਹਾ, “ ਉਹ ਸਿੱਖਾ ਨੂੰ ਇਨਸਾਫ ਦਵਾ ਸਕਦਾ ਹੈ। 1984 ਦੇ ਦਰਿੰਦਿੰਆਂ ਜਿਨਾ ਕਾਨਪੁਰ ਸ਼ਹਿਰ ਵਿਚ ਕਹਿਰ ਮਚਾਇਆ ਸੀ, ਕੁਝ ਕੁ ਨੂੰ ਪਹਿਚਾਣਦਾ ਹੈ, ਉਹਨਾ ਦੇ ਖਿਲਾਫ ਗਵਾਹ ਬਨਣ ਨੂੰ ਤਿਆਰ ਹੈ। ”
“ ਤੇ ਤੁਸੀ ਉਸ ਨੂੰ ਆਪਣੇ ਘਰ ਵਿਚ ਰੱਖਣ ਨੂੰ ਤਿਆਰ ਹੋ, ਕੀ ਹੋ ਗਿਆ ਤਹਾਨੂੰ ? ਆਪਣੇ ਹੱਥੀ ਆਪਣੇ ਸਾਰੇ ਟੱਬਰ ਦੀ ਮੌਤ ਖਰਦੀਣੀ ਆ।”
“ ਮੌਤ-ਮਾਤ ਦੀ ਕੋਈ ਗੱਲ ਨਹੀ, ਜੇ ਆਪਾਂ ਉਸ ਦੀ ਮੱਦਦ ਕਰਾਂਗੇ ਤਾਂ ਉਹ ਨਿਡਰ ਹੋ ਕੇ ਕਾਤਲਾਂ ਦੇ ਵਿਰੁਧ ਗਵਾਹੀ ਦੇਵੇਗਾਂ ਤਾਂ ਉਹਨਾਂ ਰੂਹਾਂ ਨੂੰ ਕੁਝ ਕੁ ਸ਼ਾਤੀ ਜ਼ਰੂਰ ਮਿਲੇਗੀ ਜਿਨਾ ਚੌਰਾਸੀ ਦਾ ਸੰਤਾਪ ਆਪਣੇ ਪਿੰਡਿਆਂ ਤੇ ਹੰਢਾਇਆ। ਸਾਡੇ ਘਰ ਵਿਚ ਉਹ ਸੁਰਅਖਿਅਤ ਰਹੇਗਾ”
“ ਬਸ ਕਰੋ, ਬਸ ਕਰੋ।” ਅਨੂਪ ਸਿੰਘ ਦੀ ਪਤਨੀ ਨੇ ਉਸ ਦੇ ਅੱਗੇ ਹੱਥ ਜੋੜਦੇ ਕਿਹਾ, “ ਜਸਵੰਤ ਸਿੰਘ ਖਾਲੜੇ ਨੂੰ ਉਸ ਦੇ ਘਰ ਵਿਚੋਂ ਹੀ ਦਿਨ ਦੇ ਚਾਨਣੇ ਵਿਚ ਚੁੱਕ ਲਿਆ ਗਿਆ, ਉਸ ਨੇ ਇਹ ਹੀ ਦੱਸਿਆ ਸੀ ਕਿ ਪੁਲੀਸ ਨੇ ਪੱਚੀ ਹਜ਼ਾਰ ਬੇਗੁਨਾਹ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਸ ਨੇ ਤਾਂ ਆਪਣੀ ਅੱਖੀ ਸਭ ਕੁੱਝ ਦੇਖਿਆ ਹੈ, ਮੈ ਇਸ ਨੂੰ ਆਪਣੇ ਘਰ ਵਿਚ ਨਹੀ ਰੱਖ ਸਕਦੀ। ਭਾਂਵੇ ਅਨੂਪ ਸਿੰਘ ਆਪਣੀ ਪਤਨੀ ਦਾ ਜ਼ਵਾਬ ਸੁਣ ਕੇ ਚੁੱਪ ਹੋ ਗਿਆ, ਪਰ ਅਦਰੋਂ ਉਸ ਨੂੰ ਰਣਜੀਤ ਨੂੰ ਦਿੱਤੇ ਬਚਨ ਦਾ ਫਿਕਰ ਸੀ। ਅਨੂਪ ਸਿੰਘ ਨੂੰ ਚੁੱਪ ਦੇਖ ਕੇ ਉਸ ਦੀ ਪਤਨੀ ਫਿਰ ਬੋਲੀ, “ ਚੰਗਾ ਹੋਇਆ ਉਸ ਦਿਨ ਆਪਣੇ ਘਰ ਨਹੀ ਆਇਆ।ਐਵੇ ਨਾ ਹੁਣ ਉਸ ਨਾਲ ਨੇੜ ਵਧਾਇਉ। ਉਹ ਹੁਣ ਆਪਣੇ ਮਹੱਲੇ ਵਿਚੋਂ ਵੀ ਚਲਾ ਜਾਵੇ ਤਾਂ ਚੰਗਾ ਏ।”
ਇਹ ਗੱਲਾਂ ਸੁਣ ਕੇ ਅਨੂਪ ਸਿੰਘ ਨੂੰ ਪਛਤਾਵਾ ਹੋਣ ਲੱਗਾ ਕਿ ਰਣਜੀਤ ਬਾਰੇ ਆਪਣੀ ਪਤਨੀ ਨੂੰ ਦੱਸ ਕੇ ਬਹੁਤ ਵੱਡੀ ਭੁੱਲ ਕਰ ਬੈਠਾ।ਪਤਨੀ ਨੇ ਤਾਂ ਇਸ ਸਾਰੇ ਭੇਦ ਦਾ ਪ੍ਰਚਾਰ ਖੁੱਲ ਕੇ ਕਰ ਦੇਣਾ ਹੈ।ਇਹ ਸੋਚ ਕੇ ਉਸ ਨੇ ਪਤਨੀ ਨੂੰ ਕਿਹਾ,
“ ਅੱਛਾ, ਉਸ ਨੂੰ ਆਪਣੇ ਘਰ ਵਿਚ ਲੈ ਕੇ ਨਹੀ ਆਉਂਦਾ, ਪਰ ਇ ਗੱਲ ਹੋਰ ਕਿਸੇ ਕੋਲ ਨਾ ਕਰੀ।”
ਪਤਨੀ ਨੇ ਇਸ ਗੱਲ ਦਾ ਜ਼ਵਾਬ ਕੋਈ ਨਹੀ ਦਿੱਤਾ ਅਤੇ ਥੈਲਾ ਚੁੱਕ ਕੇ ਨਾਲ ਵਾਲੇ ਬਜ਼ਾਰ ਨੂੰ ਸਬਜ਼ੀ ਲੈਣ ਚਲੀ ਗਈ।ਅਨੂਪ ਸਿੰਘ ਚੌਰਾਸੀ ਦੇ ਕਹਿਰ ਬਾਰੇ ਸੋਚਦਾ ਹੋਇਆ ਸੋਫੇ ਨਾਲ ਢੋ ਲਾ ਕੇ ਅੱਖਾਂ ਮੀਟ ਕੇ ਬੈਠ ਗਿਆ।
ਅਨੂਪ ਸਿੰਘ ਦੀ ਪਤਨੀ ਬਜ਼ਾਰ ਜਾਣ ਦੀ ਵਜਾਏ ਮਿਸਟਰ ਸੂਦ ਦੇ ਘਰ ਗਈ। ਸੂਦ ਦੀ ਪਤਨੀ ਮੰਜ਼ੇ ਤੇ ਬੈਠੀ ਸਵੈਟਰ ਬੁਣ ਰਹੀ ਸੀ।
“ ਭੈਣ ਜੀ, ਸਬਜ਼ੀ ਮੰਡੀ ਨੂੰ ਸਬਜ਼ੀ ਲੈਣ ਚਲਣਾ ਵਾ।” ਅਨੂਪ ਸਿੰਘ ਦੀ ਪਤਨੀ ਨੇ ਆਉਂਦਿਆ ਹੀ ਕਿਹਾ, “ ਆ ਜਾਉ ਜ਼ਰਾ ਘੁੰਮ- ਫਿਰ ਆਵਾਂਗੀਆਂ।”
“ ਭਾਜ਼ੀ ਤਾਂ ਮੈ ਤੜਕ ਵੀ ਲਈ ਏ, ਉਂਝ ਤੁਹਾਡੇ ਨਾਲ ਚਲ ਪੈਂਦੀ ਏ।”
ਹੋਰ ਗੱਲਾਂ ਤੋਂ ਛੇਤੀ ਹੀ ਬਾਅਦ ਅਨੂਪ ਸਿੰਘ ਦੀ ਪਤਨੀ ਆਪਣੀ ਅਸਲੀ ਗੱਲ ਤੇ ਆ ਗਈ, “
“ ਭੈਣ ਜੀ, ਤੁਹਾਡੇ ਘਰ ਜੋ ਬੰਦਾ ਕਿਰਾਏ ਤੇ ਰਹਿੰਦਾ ਏ, ਬੜਾ ਖਤਰਨਾਕ ਜੇ।”
“ ਅੱਛਾ, ਤਹਾਨੂੰ ਕਿਵੇ ਪਤਾ ਚਲਿਆ।”
“ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਜਿਨਾ ਬੰਦਿਆਂ ਕਾਨਪੁਰ ਵਿਚ ਵੱਡ-ਵੱਡਾਂਗਾ ਕੀਤਾ, ਇਹ ਉਹਨਾ ਨੂੰ ਪਹਿਚਾਣਦਾ ਵਾ, ਇਹ ਦੱਸਦੇ ਪਏ ਸੀ ਕਿ ਇਹ ਹੁਣ ਉਹਨਾ ਦੇ ਖਿਲਾਫ ਗਵਾਹੀ ਦੇਵੇਗਾ।”
“ ਹੈਂ ਐਸੀ ਗੱਲ ਆ।” ਸੂਦ ਦੀ ਪਤਨੀ ਨੇ ਹੈਰਾਨ ਹੁੰਦੇ ਕਿਹਾ, “ ਮੀਸਣਾ ਜਿਹਾ ਤਬੀ ਨਹੀ ਕੁੱਝ ਬੋਲਤਾ। ਦੀਦੀ, ਤੁਸੀ ਇਕੱਲੇ ਹੀ ਬਜ਼ਾਰ ਜਾ ਆਉ, ਮੈ ਅਬੀ ਜਾ ਕੇ ਸੰਜੀਵ ਕੇ ਪਾਪਾ ਕੋ ਬਤਾਤੀ ਹੂੰ।”
“ ਏਨੀ ਛੇਤੀ ਤਾਂ ਕੁੱਝ ਨਹੀ ਹੋਣ ਲੱਗਾ, “ ਅਨੂਪ ਸਿੰਘ ਦੀ ਪਤਨੀ ਨੇ ਕਿਹਾ, “ ਇਸ ਦੇ ਬਾਰੇ ਹੋਰ ਕਿਸੇ ਨੂੰ ਕੁਛ ਨਹੀ ਪਤਾ।”
“ ਨਾ, ਦੀਦੀ, ਮੈ ਅਭੀ ਜਾਣਾ ਹੈ, ਬਦਮਾਸ਼ ਲੋਗਾ ਨੂੰ ਸਭ ਪਤਾ ਹੋਤਾ ਹੈ, ਉਨ ਲੋਗੋ ਨੇ ਕਾਨਪੁਰ ਵਿਚ ਇੰਨੇ ਲੋਗੋ ਨੂੰ ਮਾਰ-ਮੁਕਾਇਆ ਸੂ, ਉਹ ਮੇਰੀ ਫੈਮਲੀ ਨੂੰ ਕਿਵੇ ਛੋਡੇਗੇ?”
ਸੂਦ ਦੀ ਪਤਨੀ ਰਸਤੇ ਵਿਚੋਂ ਹੀ ਵਾਪਸ ਚਲੀ ਗਈ। ਪਤਾ ਨਹੀ ਉਸ ਨੇ ਘਰ ਜਾ ਕੇ ਕੀ ਗੱਲ ਕੀਤੀ ਕਿ ਸੂਦ ਨੇ ਉਸ ਰਾਤ ਨੂੰ ਹੀ ਰਣਜੀਤ ਨੂੰ ਕਮਰਾ ਖਾਲੀ ਕਰਨ ਨੂੰ ਕਹਿ ਦਿੱਤਾ। ਭਾਂਵੇ ਰਣਜੀਤ ਨੂੰ ਸਾਰੀ ਗੱਲ ਦੀ ਸਮਝ ਤਾਂ ਆ ਗਈ ਸੀ ਕਿ ਇਹ ਸਭ ਕੁੱਝ ਕਿਵੇ ਹੋਇਆ? ਫਿਰ ਵੀ ਕਿਸੇ ਆਸ ਨਾਲ ਅਨੂਪ ਸਿੰਘ ਦੇ ਘਰ ਵੱਲ ਨੂੰ ਤੁਰ ਪਿਆ।ਅਨੂਪ ਸਿੰਘ ਨੇ ਜਦੋਂ ਉਸ ਨੂੰ ਦਰਵਾਜ਼ੇ ਤੇ ਖੜਾ ਦੇਖਿਆ ਤਾ ਉਸ ਨੂੰ ਅੰਦਰ ਲਿਜਾਣ ਦੀ ਥਾਂ ਉਸ ਦੇ ਨਾਲ ਹੀ ਵਾਪਸ ਗਲੀ ਦੇ ਮੌੜ ਵੱਲ ਨੂੰ ਤੁਰ ਪਿਆ।ਉਸ ਦੇ ਬੋਲਣ ਤੋਂ ਪਹਿਲਾ ਹੀ ਅਨੂਪ ਸਿੰਘ ਨੇ ਕਿਹਾ, “ ਮੈ ਆਪਣੀ ਭੁੱਲ ਲਈ ਖਿਮਾਂ ਮੰਗਦਾ ਹਾ, ਮੇਰੇ ਕੋਲੋ ਆਪਣੀ ਪਤਨੀ ਨਾਲ ਗੱਲ ਹੋ ਗਈ, ਜੋ ਕੁਝ ਤੁਹਾਡੇ ਨਾਲ ਹੋਇਆ ਮੇਰੀ ਵਜਾਂ ਨਾਲ ਹੀ ਹੋਇਆ।”
“ ਇਸ ਕਰਕੇ ਹੀ ਤਾਂ ਮੈ ਕਿਸੇ ਨਾਲ ਬੋਲਦਾ ਘੱਟ ਸੀ।” ਰਣਜੀਤ ਨੇ ਕਿਹਾ, “ ਤੁਹਾਡੇ ਹਾਲਾਤ ਤੋਂ ਪਤਾ ਲੱਗਦਾ ਹੈ ਕਿ ਮੇਰੇ ਰਹਿਣ ਲਈ ਕਮਰੇ ਦਾ ਤੁਹਾਡੇ ਵਲੋਂ ਵੀ ਜ਼ਵਾਬ ਹੀ ਹੈ।”
“ ਮੈਨੂੰ ਆਪਣੀ ਪਤਨੀ ਤੋਂ ਇਹ ਉਮੀਦ ਨਹੀ ਸੀ।” ਅਨੂਪ ਸਿੰਘ ਨੇ ਸੱਚੀ ਗੱਲ ਦੱਸਦਿਆ ਕਿਹਾ, “ ਮੈ ਤਾਂ ਤੁਹਾਡੀ ਹੁਣ ਵੀ ਮੱਦਦ ਕਰਨੀ ਚਾਹੁੰਦਾ ਹਾਂ ਤਾਂ ਜੋ ਤੁਸੀ ਇਕ ਦਿਨ ਗਵਾਹੀ ਦੇ ਸਕੋਂ।ਮੇਰਾ ਇਕ ਦੋਸਤ ਦਿੱਲੀ ਰਹਿੰਦਾ ਹੈ, ਉਸ ਦਾ ਟੱਰਕਾਂ ਦਾ ਕਾਰੋਬਾਰ ਹੈ।ਹਾਲ ਦੀ ਘੜੀ ਤੁਸੀ ਉਸ ਕੋਲ ਚਲੇ ਜਾਵੋ, ਉਹ ਪੰਥਕ ਖਿਆਲਾਂ ਦਾ ਹੈ। ਉਸ ਦੀ ਬਾਹਰਲੇ ਦੇਸ਼ਾ ਵਿਚ ਵੀ ਜਾਣ-ਪਹਿਚਾਣ ਹੈ, ਅਸੀ ਮਿਲਕੇ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੱਢਾਗੇ। ”
“ ਮੈ ਤਾਂ ਤੁਹਾਡੇ ਦੋਸਤ ਨੂੰ ਜਾਣਦਾ ਵੀ ਨਹੀ ਹਾਂ।”
“ ਇਸ ਗੱਲ ਦਾ ਫਿਕਰ ਨਾ ਕਰੋ, ਮੈ ਉਸ ਨੂੰ ਹੁਣੇ ਹੀ ਫੋਨ ਕਰ ਦਿੰਦਾ ਹਾਂ।”

ਛੇਤੀ ਹੀ ਅਨੂਪ ਸਿੰਘ ਅਤੇ ਉਸ ਦੇ ਦੌਸਤ ਨੇ ਕਾਫੀ ਨੱਠ-ਭੱਜ ਕਰਕੇ ਰਣਜੀਤ ਸਿੰਘ ਨੂੰ ਕਿਸੇ ਬਾਹਰਲੇ ਦੇਸ਼ ਵਿਚ ਲੰਘਾ ਦਿੱਤਾ। ਇਹਨਾ ਸਾਰੀਆਂ ਗੱਲਾਂ ਦਾ ਅਨੂਪ ਸਿੰਘ ਨੇ ਆਪਣੀ ਜ਼ਨਾਨੀ ਕੋਲੋ ਪਰਦਾ ਹੀ ਰੱਖਿਆ।ਰਣਜੀਤ ਨਾਲ ਗੱਲ-ਬਾਤ ਵੀ ਆਪਣੇ ਦਫਤਰ ਦੇ ਫੋਨ ਤੇ ਹੀ ਕਰਦਾ ਅਤੇ ਚਿੱਠੀ ਪਾਉਣ ਲਈ ਵੀ ਦਫਤਰ ਦਾ ਹੀ ਐਡਰੈਸ ਲਿਖਿਆ।
ਰਣਜੀਤ ਭਾਂਵੇ ਬਾਹਰਲੇ ਮੁਲਕ ਵਿਚ ਕੁੱਝ ਸੰਤੁਸ਼ਟ ਸੀ, ਪਰ ਉਹ ਆਪਣੇ ਧੁਰ-ਅੰਦਰ ਬੈਚਾਨੀ ਮਹਿਸੂਸ ਕਰਦਾ, ਜਿਵੇ ਸੱਚਾਈ ਤੋਂ ਡਰਦਾ ਲੁਕਿਆ ਬੈਠਾ ਹੋਵੇ। 
ਅੱਜ ਅਨੂਪ ਸਿੰਘ ਜਦੋਂ ਦਫਤਰ ਗਿਆ ਤਾਂ ਚਪੜਾਸੀ ਨੇ ਉਸ ਨੂੰ ਚਿੱਠੀਆਂ ਲਿਆ ਕੇ ਦਿੱਤੀਆਂ ਤਾਂ ਪਹਿਲੀ ਚਿੱਠੀ ਹੀ ਰਣਜੀਤ ਦੀ ਸੀ। ਜਿਸ ਵਿਚ ਉਸ ਨੇ ਜੋ ਉਹ ਮਹਿਸੂਸ ਕਰਦਾ ਹੈ, ਖੁੱਲ੍ਹ ਕੇ ਲਿਖਿਆ।ਇਹ ਵੀ ਨਾਲ ਹੀ ਦੱਸਿਆ ਕਿ ਜੋ ਗੱਲਾਂ ਮੈ ਫੋਨ ਤੇ ਕਰਨ ਲਈ ਔਖ ਮਹਿਸੂਸ ਕਰਦਾ ਹਾਂ।ਉਹ ਲਿਖਣ ਵਿਚ ਮੈਨੂੰ ਸੌਖਾ ਲੱਗਾ। ਅਖੀਰ ਵਿਚ ਵੱਡੇ ਅੱਖਰਾਂ ਵਿਚ ਲਿਖਿਆ ਸੀ, ਮੁਕਦਮਾ ਕਦੋਂ ਚਲੇਗਾ ਅਤੇ ਗਵਾਹ ਦੀ ਗਵਾਹੀ ਕਦੋਂ ਹੋਵੇਗੀ?
ਅਨੂਪ ਸਿੰਘ ਨੇ ਚਿੱਠੀ ਚੁੱਕ ਕੇ ਜੇਬ ਵਿਚ ਪਾ ਲਈ ਅਤੇ ਘਰ ਨੂੰ ਚਲਾ ਗਿਆ।ਜਾਂਦਾ ਹੀ ਪਤਨੀ ਨੂੰ ਕਹਿਣ ਲੱਗਾ, “ ਮੇਰੇ ਕੱਪੜੇ ਬੈਗ ਵਿਚ ਪਾ ਦੇ, ਮੈਨੂੰ ਦਿੱਲੀ ਜਾਣਾ ਪੈਣਾ ਹੈ।” ਉਸ ਦੀ ਪਤਨੀ ਉਸ ਦੇ ਗੰਭੀਰ ਚਿਹਰੇ ਨੂੰ ਦੇਖਦੀ ਬੋਲੀ, “ ਦਫਤਰ ਦਾ ਕੋਈ ਜ਼ਰੂਰੀ ਕੰਮ ਪੈ ਗਿਆ। ਦਸੋਂ ਤਾ ਸਹੀ।”
“ ਦਫਤਰ ਦੇ ਕੰਮ ਨਾਲੋ ਵੀ ਮੱਹਤਵਪੂਰਨ ਕੰਮ ਹੈ, ਜੇ ਸਿਰੇ ਚੜ੍ਹ ਗਿਆਂ ਤਾਂ ਦੱਸ ਦੇਵਾਂਗਾ।”
ਇੰਨਾ ਕਹਿ ਕੇ ਅਨੂਪ ਸਿੰਘ ਬੈਗ ਚੁੱਕ ਕੇ ਕਿਸੇ ਜਿੱਤ ਦੀ ਆਸ ਵਿਚ ਮਸ਼ਹੂਰ ਵਕੀਲ ਤੇਜਵੀਰ ਸਿੰਘ ਵੱਲ ਤੁਰ ਪਿਆ। ਪਤਨੀ ਉਸ ਨੂੰ ਜਾਂਦੇ ਦੇਖਦੀ ਰਹੀ ਪਰ ਬੋਲੀ ਕੁਝ ਨਾ।
ਅਨਮੋਲ ਕੌਰ

Leave a Reply

Your email address will not be published. Required fields are marked *

Back to top button