District News

ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਬੱਚਿਆਂ ਨੇ ਤਿਆਰ ਕੀਤੇ ਸੁੰਦਰ ਮਖੌਟੇ

ਮਹੀਨਾਵਾਰ ਐਕਟੀਵਿਟੀ ਨਾਲ ਬੱਚਿਆਂ 'ਚ ਸਿਰਜਣਾਤਮਕ ਵਿਕਾਸ ਹੁੰਦਾ ਹੈ – ਡੀਈਓ ਐਲੀਮੈਂਟਰੀ ਪ੍ਰਭਜੋਤ ਕੌਰ

ਮਲੋਟ:- ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਰਚਨਾਤਮਕ ਵਿਕਾਸ ਲਈ ਹਰ ਮਹੀਨੇ ਕਿਸੇ ਦਿਨ-ਤਿਓਹਾਰ ਨਾਲ ਸੰਬੰਧਿਤ ਕਿਰਿਆਵਾਂ ਕਰਵਾਉਣ ਲਈ ਵਿਸ਼ੇਸ਼ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸੇ ਲੜੀ ਤਹਿਤ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿਲਚਸਪ ਢੰਗਾਂ ਨਾਲ ਅਧਿਆਪਕਾਂ ਨੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦੇ ਕੇ ਬੱਚਿਆਂ ਦੀਆਂ ਸਿਰਜਣਾਤਮਕ ਰੁਚੀਆਂ ਵਿੱਚ ਵਾਧਾ ਕੀਤਾ।

ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਜਿਵੇਂ ਸ਼ੇਰ, ਹਾਥੀ, ਬਿੱਲੀ, ਭਾਲੂ, ਕਾਂ ਆਦਿ ਤੋਂ ਇਲਾਵਾ ਹੋਰ ਵੀ ਭਿੰਨ-ਭਿੰਨ ਤਰ੍ਹਾਂ ਦੀਆਂ ਸ਼ਕਲਾਂ ਵਾਲੇ ਮਖੌਟੇ ਤਿਆਰ ਕਰਨੇ ਸਿੱਖੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪ੍ਰਭਜੋਤ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਮਖੌਟਾ ਤਿਆਰ ਕਰਨ ਦੀ ਦਿਲਚਸਪ ਗਤੀਵਿਧੀ ਕਰਵਾਈ ਗਈ। ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਉਹਨਾਂ ਦੱਸਿਆ ਕਿ ਅਧਿਆਪਕਾਂ ਨੇ ਬੱਚਿਆਂ ਨੂੰ ਰੰਗ-ਬਰੰਗੇ ਕਾਗਜ਼ਾਂ ਅਤੇ ਹੋਰ ਸਹਾਇਕ ਸਮੱਗਰੀ ਨਾਲ ਵੱਖ-ਵੱਖ ਕਿਸਮਾਂ ਦੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦਿੱਤੀ। ਅਧਿਆਪਕਾਂ ਨੇ ਵੇਸਟ ਮਟੀਰੀਅਲ ਤੋਂ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਮਖੌਟੇ ਬਣਾਉਣ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ। ਜਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਸਿਰਜਣਾਤਮਕ ਗਤੀਵਿਧੀਆਂ ਕਰਵਾਉਣ ਨਾਲ ਵਿਦਿਆਰਥੀਆਂ ਦੀ ਸਖ਼ਸੀਅਤ ਵਿਚਲੇ ਰਚਨਾਤਮਕ ਕੌਸ਼ਲਾਂ ਦਾ ਵਿਕਾਸ ਹੋਣ ਦੇ ਨਾਲ-ਨਾਲ ਉਹਨਾਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਇਸ ਮੌਕੇ  ਬੱਚਿਆਂ ਨੇ ਵੀ ਤਿਓਹਾਰਾਂ ਦੇ ਦਿਨਾਂ ਵਿੱਚ ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਸਜਾਉਣ ਲਈ ਇਹਨਾਂ ਭਾਂਤ-ਭਾਂਤ ਦੇ ਮਖੌਟਿਆਂ ਨੂੰ ਬਣਾਉਣ ਦੀ ਸਿਖਲਾਈ ਬੜੇ ਚਾਅ ਨਾਲ ਪ੍ਰਾਪਤ ਕੀਤੀ।

Show More

Leave a Reply

Your email address will not be published. Required fields are marked *

Back to top button
Close
Close
WhatsApp Any Help Whatsapp