District NewsMalout NewsPunjab

ਵਿਜੀਲੈਂਸ ਬਿਊਰੋ, ਹੁਸ਼ਿਆਰਪੁਰ ਦੀ ਧੱਕੇ ਸ਼ਾਹੀ ਖ਼ਿਲਾਫ਼ ਸਮੁੱਚੇ ਪੰਜਾਬ ਦੇ ਡੀ.ਸੀ ਦਫਤਰਾਂ ਵੱਲੋਂ ਬੁੱਧਵਾਰ ਤੋਂ ਡਿਊਟੀਆਂ ਦਾ ਬਾਈਕਾਟ ਕਰਨ ਦਾ ਫੈਸਲਾ। ਅਗਲੀ ਰਣਨੀਤੀ ਲਈ ਬਾਅਦ ਦੁਪਹਿਰ ਸੂਬਾ ਪੱਧਰੀ ਆਨਲਾਈਨ ਮੀਟਿੰਗ ਹੋਵੇਗੀ।

ਮਲੋਟ:- ਪੰਜਾਬ ਰਾਜ ਜ਼ਿਲ੍ਹਾ (ਡੀ.ਸੀ) ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸੂਬਾਈ ਲੀਡਰਸ਼ਿਪ ਅਤੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਤੋਂ ਆਨਲਾਈਨ ਰਾਏ ਲੈਣ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਮਾਹਿਲਪੁਰ ਦੇ ਰਜਿਸਟਰੀ ਕਲਰਕ ਮਨਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਖ਼ਿਲਾਫ਼ ਬਿਨਾਂ ਕੋਈ ਬਰਾਮਦਗੀ ਅਤੇ ਨਿਰਆਧਾਰ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਵਿਰੁੱਧ ਬੁੱਧਵਾਰ ਤੋਂ ਸਵੇਰੇ ਹਾਜ਼ਰੀ ਲਾਉਣ ਉਪਰੰਤ ਡਿਊਟੀਆਂ ਦਾ ਬਾਈਕਾਟ ਕਰਨ ਅਤੇ ਵਿਜੀਲੈਂਸ ਬਿਊਰੋ ਖ਼ਿਲਾਫ਼ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਸ਼ਿਕਾਇਤ ਵਿਚ ਪ੍ਰਾਈਵੇਟ ਬੰਦੇ ਦੇ ਬਿਆਨਾਂ ਦੇ ਆਧਾਰ ਤੇ ਬਿਨਾਂ ਕੋਈ ਬਰਾਮਦਗੀ ਸੰਦੀਪ ਕੁਮਾਰ ਨੈਬ ਤਹਿਸੀਲਦਾਰ ਅਤੇ ਮਨਜੀਤ ਸਿੰਘ ਰਜਿਸਟਰੀ ਕਲਰਕ ਖ਼ਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਆਪਣੇ ਟਾਰਗੇਟ ਪੂਰੇ ਕਰਨ ਦੇ ਮਨਸੂਬੇ ਨਾਲ ਧੱਕੇ ਸ਼ਾਹੀ ਵਰਤਦਿਆਂ ਪਰਚਾ ਦਰਜ ਕੀਤਾ ਗਿਆ ਅਤੇ ਗ੍ਰਿਫ਼ਤਾਰੀ ਪਾਈ ਗਈ। ਇਸ ਕਾਰਨ ਸੂਬੇ ਭਰ ਦੇ ਡੀ ਸੀ ਦਫ਼ਤਰ ਕਾਮਿਆਂ ਵਿੱਚ ਰੋਸ ਦੀ ਲਹਿਰ ਫੈਲ ਗਈ ਅਤੇ ਜ਼ਿਲ੍ਹਾ ਯੂਨਿਟ ਹੁਸ਼ਿਆਰਪੁਰ ਵੱਲੋਂ ਕੰਮ ਬੰਦ ਕਰਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲ ਕੇ ਫਰਿਆਦ ਕੀਤੀ ਗਈ।ਜਿਸ ਤੇ ਉਨ੍ਹਾਂ ਵੱਲੋਂ ਮੈਜਿਸਟੀਰੀਅਲ ਇਨਕੁਆਰੀ ਦੇ ਵੀ ਹੁਕਮ ਕਰ ਦਿੱਤੇ ਗਏ ਪ੍ਰੰਤੂ ਵਿਜੀਲੈਂਸ ਬਿਉਰੋ ਵੱਲੋਂ ਧੱਕੇ ਸ਼ਾਹੀ ਦਾ ਮੁਜ਼ਾਹਰਾ ਕਰਦਿਆਂ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ। ਇਹ ਵੀ ਜ਼ਿਕਰਯੋਗ ਹੈ ਕਿ ਮਾਲ ਵਿਭਾਗ, ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੀ ਮੀਟਿੰਗ ਦੀ ਕਾਰਵਾਈ ਤੋਂ ਮੁਲਾਜ਼ਮ ਪਹਿਲਾਂ ਹੀ ਖ਼ਫ਼ਾ ਹਨ। ਜਿਸ ਵਿੱਚ ਪੰਜਾਬ ਸਰਕਾਰ ਨੇ ਪੁਨਰਗਠਨ ਤੋਂ ਬਾਅਦ ਖ਼ਤਮ ਕੀਤੀਆਂ ਡੀਸੀ ਦਫਤਰਾਂ ਦੀਆਂ ਸ਼ਾਖਾਵਾਂ ਅਤੇ ਆਸਾਮੀਆਂ ਨੂੰ ਬਹਾਲ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸੀਨੀਅਰ ਸਹਾਇਕਾਂ ਲਈ ਨੈਬ ਤਹਿਸੀਲਦਾਰ ਪਦ ਉਨਤ ਹੋਣ ਲਈ ਕੋਟਾ ਦੇਣ ਤੋਂ ਵੀ ਜਵਾਬ ਦੇ ਦਿੱਤਾ ਹੈ। ਇਸ ਤੋਂ ਇਲਾਵਾ ਡੀ ਸੀ ਦਫਤਰਾਂ ਵਿਚ ਖਾਲੀ ਪਈਆਂ ਸਿੱਧੀ ਭਰਤੀ ਦੀਆਂ ਸੀਨੀਅਰ ਸਹਾਇਕ ਦੀਆਂ ਅਸਾਮੀਆਂ ਤੇ ਪਦ ਉੱਨਤੀਆਂ ਕਰਨ ਤੇ ਰੋਕ ਲਗਾ ਦਿੱਤੀ ਹੈ। ਸੁਪਰਡੈਂਟ ਗ੍ਰੇਡ-2 ਦੇ ਪਦ ਉੱਨਤੀ ਰੂਲ ਨਾ ਬਣੇ ਹੋਣ ਕਾਰਨ ਪਦ ਉੱਨਤੀ ਕੇਸਾਂ ਤੇ ਇਤਰਾਜ਼ ਲਾਏ ਜਾ ਰਹੇ ਹਨ ਅਤੇ ਸਰਕਾਰ ਨੂੰ ਰਹਿਬਰੀਆਂ ਲਈ ਭੇਜ ਕੇ ਕਮਿਸ਼ਨਰ ਦਫ਼ਤਰਾਂ ਵੱਲੋਂ ਲੰਬਤ ਰੱਖੇ ਜਾ ਰਹੇ ਹਨ ਅਤੇ ਪਦ ਉੱਨਤੀਆਂ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੁਪਰਡੈਂਟ ਗਰੇਡ-1 ਦੀਆਂ ਖਾਲੀ ਅਸਾਮੀਆਂ ਤੇ ਪਦਉਨਤੀਆਂ ਕਰਨ ਦੇ ਪੈਨਲ ਮਿਲ ਜਾਣ ਬਾਦ ਵੀ ਮਾਲ ਵਿਭਾਗ, ਪੰਜਾਬ ਸਰਕਾਰ ਵੱਲੋਂ ਵਿਭਾਗੀ ਪਦਉੱਨਤੀ ਕਮੇਟੀ ਦੀ ਪਿਛਲੇ ਤਿੰਨ ਸਾਲ ਤੋਂ ਮੀਟਿੰਗ ਨਹੀਂ ਰੱਖੀ ਜਾ ਰਹੀ ਅਤੇ ਮੁਲਾਜ਼ਮ ਬਿਨਾਂ ਪਦ ਉੱਨਤੀ ਲਏ ਸੇਵਾ ਨਵਿਰਤ ਹੋਣ ਲਈ ਮਜਬੂਰ ਹੋ ਰਹੇ ਹਨ ਅਤੇ ਮਾਯੂਸ ਹਨ। ਇਸ ਤੇ ਸੂਬਾਈ ਲੀਡਰਸ਼ਿਪ ਅਤੇ ਜ਼ਿਲ੍ਹਿਆਂ ਦੀ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਬੁੱਧਵਾਰ ਸਵੇਰੇ ਸਮੁੱਚੇ ਪੰਜਾਬ ਵਿੱਚ ਡੀਸੀ ਦਫ਼ਤਰਾਂ ਅਤੇ ਤਹਿਸੀਲਾਂ ਵਿੱਚ ਕੰਮ ਕਰਦੇ ਸਮੂਹ ਦਫਤਰੀ ਕਾਮੇ ਹਾਜ਼ਰੀ ਲਾਉਣ ਉਪਰੰਤ ਵਿਜੀਲੈਂਸ ਬਿਊਰੋ, ਹੁਸ਼ਿਆਰਪੁਰ ਦੀ ਕਾਰਵਾਈ ਖਿਲਾਫ਼ ਸਰਕਾਰੀ ਡਿਊਟੀ ਦਾ ਬਾਈਕਾਟ ਕਰਕੇ ਸਵੇਰੇ 10:00 ਵਜੇ ਆਪਣੇ ਆਪਣੇ ਦਫਤਰਾਂ ਸਾਹਮਣੇ ਰੋਸ ਮੁਜ਼ਾਹਰੇ ਕਰਨਗੇ ਅਤੇ ਆਪਣੀਆਂ ਸੀਟਾਂ ਤੇ ਨਹੀਂ ਬੈਠਣਗੇ।ਇਸ ਤੋਂ ਇਲਾਵਾ ਬਾਅਦ ਦੁਪਹਿਰ 2:00 ਵਜੇ ਸੂਬਾ ਪੱਧਰੀ ਆਨਲਾਈਨ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਜਿਸ ਵਿੱਚ ਸਮੂਹਿਕ ਛੁੱਟੀ ਲੈ ਕੇ ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕਰਕੇ ਦਫਤਰ ਦਾ ਘਿਰਾਉ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਲਈ ਜਿੰਨੀ ਦੇਰ ਤਕ ਇਹ ਪਰਚਾ ਰੱਦ ਨਹੀਂ ਕੀਤਾ ਜਾਂਦਾ। ਓਨੀ ਦੇਰ ਤਕ ਸੰਘਰਸ਼ ਜਾਰੀ ਰੱਖਣ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Leave a Reply

Your email address will not be published. Required fields are marked *

Back to top button