District NewsMalout News

ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 10.29 ਕਰੋੜ ਰੁਪਏ ਦੇ 41 ਕੰਮਾਂ ਨੂੰ ਪ੍ਰਵਾਨਗੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜਲ ਜੀਵਨ ਮਿਸ਼ਨ ਅਧੀਨ ਜਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜਿਲ੍ਹੇ ਵਿੱਚ ਜਲ ਸਪਲਾਈ ਨਾਲ ਸੰਬੰਧਿਤ 10 ਕਰੋੜ 29 ਲੱਖ ਰੁਪਏ ਦੇ 41 ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਜਿਲ੍ਹੇ ਦੇ ਚਾਰ ਪਿੰਡਾਂ ਵਿੱਚ 257.86 ਲੱਖ ਰੁਪਏ ਨਾਲ ਜਲ ਸਪਲਾਈ ਦੇ ਕੰਮਾਂ ਵਿੱਚ ਸੁਧਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲਾਲਾਬਾਦ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੋਡੀਅਮ ਹਾਈਪੋਕਲੋਰਾਈਡ ਸਟੋਰੇਜ ਸਮਰੱਥਾ ਵੀ 269.54 ਲੱਖ ਰੁਪਏ ਨਾਲ ਸਥਾਪਿਤ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਪਿੰਡ ਕੋਟਭਾਈ ਅਤੇ ਧੂਲਕੋਟ ਵਿੱਚ 460.82 ਲੱਖ ਰੁਪਏ ਨਾਲ ਨਵੀਆਂ ਜਲ ਸਪਲਾਈ ਸਕੀਮਾਂ ਚਲਾਈਆਂ ਗਈਆਂ ਹਨ। ਇਸੇ ਤਰਾਂ ਪਿੰਡ ਅਟਾਰੀ ਅਤੇ ਚੱਕ ਅਟਾਰੀ ਸਦਰਵਾਲਾ ਲਈ 180.49 ਲੱਖ ਰੁਪਏ ਨਾਲ ਨਵੀਂ ਜਲ ਸਪਲਾਈ ਸਕੀਮ ਸਥਾਪਿਤ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਜਲ ਸਪਲਾਈ ਵਿਭਾਗ ਨੇ ਦੋ ਵਾਟਰ ਟੈਸਟਿੰਗ ਲੈਬੋਰੇਟਰੀਆਂ ਸਥਾਪਿਤ ਕੀਤੀਆਂ ਹਨ, ਜਿਸ ਤੇ 26.11 ਲੱਖ ਰੁਪਏ ਖਰਚ ਆਏ ਹਨ ਜੋ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਇਨ੍ਹਾਂ ਜਲ ਲੈਬੋਰੇਟਰੀਆਂ ਵਿੱਚ ਨਿਯਮਿਤ ਤੌਰ ਤੇ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ। ਇਸੇ ਤਰਾਂ ਵਿਭਾਗ ਨੇ 25 ਲੱਖ ਤੋਂ ਜਿਆਦਾ ਦੀ ਲਾਗਤ ਨਾਲ 31 ਸਕੂਲਾਂ ਵਿੱਚ ਪੀਣ ਵਾਲੇ ਸਾਫ ਪਾਣੀ ਲਈ ਨਵੇਂ ਕਨੈਕਸ਼ਨ ਜਾਰੀ ਕੀਤੇ ਗਏ ਹਨ। ਬੈਠਕ ਵਿੱਚ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਸ਼੍ਰੀ ਜਸਵਿੰਦਰ ਸਿੰਘ, ਐੱਸ.ਡੀ.ਓ ਗੁਰਤੇਜ ਸਿੰਘ, ਉਪ ਜਿਲ੍ਹਾ ਸਿੱਖਿਆ ਅਫ਼ਸਰ ਕਪਿਲ ਸ਼ਰਮਾ, ਖੇਤੀਬਾੜੀ ਵਿਭਾਗ ਤੋਂ ਸੁਖਜਿੰਦਰ ਸਿੰਘ, ਪੁਸ਼ਪਿੰਦਰ ਸਿੰਘ ਐੱਸ.ਡੀ.ਓ ਜਲ ਸਪਲਾਈ ਵਿਭਾਗ, ਪੇਂਡੂ ਵਿਕਾਸ ਵਿਭਾਗ ਤੋਂ ਹਾਕਮ ਸਿੰਘ, ਜੰਗਲਾਤ ਵਿਭਾਗ ਤੋਂ ਹਰਦੀਪ ਸਿੰਘ ਵੀ ਹਾਜ਼ਿਰ ਸਨ।

Author: Malout Live

Back to top button