District NewsMini Stories

ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿੱਚ ਤਿੰਨ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਕੈਂਪ ਸਫਲਤਾ ਪੂਰਵਕ ਸੰਪੰਨ

ਮਲੋਟ:- ਇਲਾਕੇ ਦੀ ਨਾਮਵਾਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਪ੍ਰੋਫੈਸਰ ਰਮਨਦੀਪ ਕੌਰ ਅਤੇ ਪ੍ਰੋਫੈਸਰ ਹਿਰਦੇਪਾਲ ਸਿੰਘ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਵਿਦਿਆਰਥੀ ਸ਼ਖਸ਼ੀਅਤ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਤਿੰਨ ਰੋਜ਼ਾ ਕੈਂਪ ਦੇ ਪਹਿਲੇ ਦਿਨ ਸੁਚੱਜੀ ਜੀਵਨ ਜਾਂਚ ਵਿਸ਼ੇ ਉੱਤੇ ਡਾ. ਮਨਦੀਪ ਸਿੰਘ ਨੇ ਆਪਣੇ ਵਿਚਾਰ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਦਿਆਂ ਮਨੁੱਖਾ ਜੀਵਨ ਦੀ ਮਹੱਤਤਾ ਅਤੇ ਸਾਰਥਿਕਤਾ ਬਾਰੇ ਚਾਨਣਾ ਪਾਇਆ। ਤਿੰਨ ਰੋਜ਼ਾ ਕੈਂਪ ਦੇ ਦੂਸਰੇ ਦਿਨ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ “ਬਲਿਹਾਰੀ  ਕੁਰਦਤਿ ਵਸਿਐ” ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਕੁਦਰਤ ਉਸ ਅਸੀਮ ਪ੍ਰਮਾਤਮਾ ਦਾ ਹੀ ਸਰੂਪ ਹੈ। ਅਜੋਕੇ ਤਕਨੀਕੀ ਦੌਰ ਵਿੱਚ ਮਨੁੱਖ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਜਿਸ ਦੇ ਨਤੀਜੇ ਮਨੁੱਖ ਜਾਤੀ ਦੀ ਆਉਣ ਵਾਲੀ ਪੀੜ੍ਹੀ ਨੂੰ ਭੋਗਣੇ ਪੈਣਗੇ। ਸੋ ਜਰੂਰਤ ਹੈ ਕੁਦਰਤ ਵੱਲ ਪਰਤਣ ਦੀ ਤਾਂਕਿ ਆਉਣ ਵਾਲੀ ਪੀੜ੍ਹੀ ਲਈ ਸਰਲ ਅਤੇ ਸੌਖਾਵਾਂ ਜੀਵਨ ਦਿੱਤਾ ਜਾ ਸਕੇ। ਵਿਦਿਆਰਥੀ ਸ਼ਖਸ਼ੀਅਤ ਉਸਾਰੀ ਕੈਂਪ ਦੇ ਤੀਜੇ ਦਿਨ “ਕਿਵੇ ਸਚਿਆਰਾ ਹੋਈਐ” ਵਿਸ਼ੇ ਉੱਤੇ ਮਨਪ੍ਰੀਤ ਸਿੰਘ (ਸਟੇਟ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਨੇ ਜੀਵਨ ਵਿੱਚ ਸਚਿਆਰਾ ਮਨੁੱਖ ਬਨਣ ਦੀ ਜਾਂਚ ਦੱਸਦਿਆਂ ਜਪੁਜੀ ਸਾਹਿਬ ਦੀ ਪੌੜੀ “ਕਿਵ ਸਚਿਆਰਾ ਹੋਈਐ” ਦੀ ਵਿਆਖਿਆ ਕਰਦਿਆਂ ਗੁਰਮਤਿ ਅਨੁਸਾਰ ਸਚਿਆਰਾ ਮਨੁੱਖ ਕੌਣ ਹੋ ਸਕਦਾ ਹੈ ਅਤੇ ਸਚਿਆਰਾ ਮਨੁੱਖ ਕਿਵੇਂ ਬਣਿਆ ਜਾਂਦਾ ਹੈ,

ਉੱਪਰ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ। ਇਹਨਾਂ ਤਿੰਨ ਦਿਨਾਂ ਦਰਮਿਆਨ ਵਿਦਿਆਰਥੀਆਂ ਅੰਦਰ ਸਵੈ ਵਿਸ਼ਵਾਸ ਭਰਨ ਦੇ ਲਈ ਵਿਦਿਆਰਥੀ ਸੰਵਾਦ ਰਚਾਏ ਗਏ ਜਿਸ ਤਹਿਤ ਵੱਖੋ ਵੱਖਰੇ ਵਿਸ਼ਿਆਂ ਉੱਤੇ ਚਰਚਾ ਕੀਤੀ ਗਈ । ਕੈਂਪ ਦੇ ਤਿੰਨੇ ਦਿਨ ਪ੍ਰੋਫੈਸਰ ਮਨਿੰਦਰ ਸਿੰਘ ਢਿੱਲੋਂ (ਸਟੇਟ ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਨੇ ਸੱਭਿਆਚਾਰ ਮੇਰੀ ਪਛਾਣ, ਸਵੈ ਪ੍ਰਬੰਧਨ ਵਿਸ਼ੇ ਉੱਤੇ ਵਿਦਿਆਰਥੀਆਂ ਨਾਲ ਚਰਚਾ ਕੀਤੀ। ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਦਾ ਆਤਮ ਅਨੁਭਵ ਸ਼ੈਸ਼ਨ ਹੋਇਆ ਜਿਸ ਵਿੱਚ ਵਿਦਿਆਰਥੀਆਂ ਨੇ ਇਹਨਾਂ ਤਿੰਨ ਦਿਨਾਂ ਵਿੱਚ ਉਹਨਾਂ ਦੀ ਸ਼ਖਸ਼ੀਅਤ ਉੱਤੇ ਪਏ ਪ੍ਰਭਾਵ ਅਤੇ ਆਏ ਬਦਲਾਵ ਦਾ ਅਨੁਭਵ ਸਾਂਝਾ ਕੀਤਾ। ਇਸ ਮੌਕੇ ਕਾਲਜ ਮਨੈਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪ੍ਰਿਤਪਾਲ ਸਿੰਘ ਗਿੱਲ ਖਜ਼ਾਨਚੀ ਦਲਜਿੰਦਰ ਸਿੰਘ ਸੰਧੂ,  ਨੇ ਪ੍ਰਿੰਸੀਪਲ ਡਾ. ਰਾਜਿੰਦਰ ਸਿੰਘ ਸੇਖੋਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸ਼ਖਸ਼ੀਅਤ ਉਸਾਰੀ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਇੱਕ ਸਿਹਤਮੰਦ ਅਤੇ ਨਿੱਘਰ ਸਮਾਜ ਲਈ ਬਹੁਤ ਜਰੂਰੀ ਹੈ। ਉਮੀਦ ਕਰਦੇ ਹਾਂ ਕਿ ਸਾਡੇ ਵਿਦਿਆਰਥੀ ਇਸ ਕੈਂਪ ਦੌਰਾਨ ਲਈ ਗਈ ਸਿੱਖਿਆ ਦਾ ਉਚਿੱਤ ਲਾਭ ਲੈਣਗੇ।

Leave a Reply

Your email address will not be published. Required fields are marked *

Back to top button