District NewsMalout News

ਪਿੰਡਾਂ ਅਤੇ ਸ਼ਹਿਰਾਂ ਦੇ ਵਾਸੀਆਂ ਨੂੰ ਹੁਣ ਨਹੀਂ ਜਾਣਾ ਪਵੇਗਾ ਥਾਣੇ: ਐੱਸ.ਐੱਸ.ਪੀ ਸਰਬਜੀਤ ਸਿੰਘ

ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਦੇ ਵਿੱਚ ਦੋ ਦੋ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਮਲੋਟ:- ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ. ਸਰਬਜੀਤ ਸਿੰਘ ਪੀ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 235 ਪਿੰਡਾਂ ਅਤੇ 77 ਵਾਰਡਾਂ ਅੰਦਰ ਦੋ ਦੋ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤੇ ਗਏ ਹਨ। ਜੋ ਆਪਣੀ ਰੁਟੀਨ ਦੀ ਡਿਊਟੀ ਕਰਨ ਦੇ ਨਾਲ-ਨਾਲ ਇਨ੍ਹਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨਗੇ। ਐੱਸ.ਐੱਸ.ਪੀ ਸ. ਸਰਬਜੀਤ ਸਿੰਘ ਪੀ.ਪੀ.ਐੱਸ ਨੇ ਦੱਸਿਆ ਕਿ ਛੋਟੇ ਪਿੰਡਾਂ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਵੱਡੇ ਪਿੰਡਾਂ ਵਿੱਚ ਦੋ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸੇ ਤਰਾਂ ਨਾਲ ਵਾਰਡਾਂ ਅੰਦਰ ਦੋ-ਦੋ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਆਪਸੀ ਭਾਈਚਾਰਕ ਸਾਂਝ ਪੈਦਾ ਕਰਨਗੇ ਅਤੇ ਚੰਗੀ ਸਿਹਤ ਦੇ ਨਾਲ ਇਨ੍ਹਾਂ ਵੱਲੋਂ ਆਮ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਵੀ ਜਾਗਰੂਕ  ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾ ਪੁਲਿਸ ਮੁਲਾਜ਼ਮਾਂ ਵੱਲੋਂ ਪਿੰਡਾਂ ਅਤੇ ਵਾਰਡਾਂ ਵਿੱਚ ਹਫ਼ਤਾਵਾਰੀ ਮੀਟਿੰਗਾਂ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਜਾਵੇਗਾ ਅਤੇ ਮੋਹਤਬਰ ਮੈਂਬਰਾਂ ਦੇ ਵਟਸਐੱਪ ਗਰੁੱਪ ਬਣਾ ਕੇ ਉਸ ਵਟਸਐਪ ਗਰੁੱਪ ਰਾਹੀਂ ਵੀ ਇਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਨ੍ਹਾਂ ਪੁਲਿਸ ਮੁਲਾਜਮਾਂ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਜਾਵੇਗਾ ਤੇ ਜੋ ਨਸ਼ੇ ਦੀ ਦਲ-ਦਲ ਵਿੱਚ ਫਸ ਚੁੱਕੇ ਹਨ ਉਨਾਂ ਦਾ ਇਲਾਜ ਕਰਵਾ ਕੇ ਦਿੱਤਾ ਜਾਵੇਗਾ। ਐੱਸ.ਐੱਸ.ਪੀ ਨੇ ਦੱਸਿਆ ਕੇ ਹਰ ਇੱਕ ਸਬ ਡਵੀਜ਼ਨ ਦੇ ਡੀ.ਐੱਸ.ਪੀ ਨੋਡਲ ਅਫਸਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਪਿੰਡਾਂ ਅਤੇ ਵਾਰਡਾਂ ਅੰਦਰ, ਆਪਣੇ ਕਸਬੇ, ਸ਼ਹਿਰੀ ਖੇਤਰ ਚੌਕਾਂ, ਪੁਆਇੰਟਾਂ ਮੁਹੱਲੇ ਬਾਜ਼ਾਰਾਂ,  ਗਲੀਆਂ, ਕਾਲੋਨੀਆਂ ਦਾ ਵੇਰਵਾ ਰੱਖਣ ਦੇ ਨਾਲ ਨਾਲ ਉਹ ਧਾਰਮਿਕ ਸਮਾਗਮਾਂ ਜਗਰਾਤਿਆਂ ਅਤੇ ਮੇਲੇ ਦੇ ਵਿੱਚ ਵੀ ਪੁਲਿਸ ਫੋਰਸ ਦਾ ਪ੍ਰਬੰਧ ਕਰਨਗੇ,  ਉਨ੍ਹਾਂ ਕਿਹਾ ਕਿ ਇੰਨਾ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਹੀ ਧਾਰਮਿਕ ਸਥਾਨਾਂ ਤੇ ਕੈਮਰੇ ਲਗਵਾਉਣ ਦੇ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਦੜਾ ਸੱਟਾ ਲਾਉਣ, ਨਾਜਾਇਜ਼ ਸ਼ਰਾਬ ਬਣਾਉਣ, ਅਤੇ ਵੇਚਣ ਵਾਲੇ, ਨਸ਼ਾ ਤਿਆਰ ਕਰਨ ਅਤੇ ਵੇਚਣ ਵਾਲੇ, ਕਬੂਤਰਬਾਜ਼ੀ ਕਰਨ ਵਾਲੇ, ਦੋਸ਼ੀ ਟ੍ਰੈਵਲ ਏਜੰਟਾਂ ਦੇ ਪ੍ਰਤੀ ਚੋਕਿਸ ਰਹਿਣਗੇ ਅਤੇ ਜੋ ਕੋਈ ਇਸ ਤਰਾਂ ਦਾ ਧੰਦਾ ਕਰਦਾ ਫੜਿਆ ਜਾਂਦਾ ਹੈ ੳਹਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਕਾਰਵਾਈ ਨੂੰ ਜਮੀਨੀ ਪਧੱਰ ਤੇ ਹਕੀਕਤ ਰੂਪ ਵਿੱਚ ਲਾਗੂ ਕਰਨ ਦੇ ਮਕਸਦ ਨਾਲ ਜਿਲ੍ਹਾ ਪੁਲਿਸ ਮੁਖੀ ਵੱਲੋ ਸ਼੍ਰੀ ਮੁਕਤਸਰ ਸਾਹਿਬ ਦੇ ਥਾਣਿਆਂ ਵਿੱਚ ਨਿੱਜੀ ਤੌਰ ਤੇ ਪਹੁੰਚ ਕੇ ਇਸ ਸੰਬੰਧੀ ਇਸ ਵਿਸ਼ੇਸ਼ ਦੀ ਅਗਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Back to top button