World News

ਸਪੇਨ ‘ਚ ਗਲੋਰੀਆ ਤੂਫਾਨ ਨੇ ਮਚਾਈ ਤਬਾਹੀ

ਸਪੇਨ ਵਿੱਚ ਗਲੋਰੀਆ ਤੂਫਾਨ ਕਾਰਨ ਲੋਕਾਂ ਨੂੰ ਇੱਕ ਹੀ ਸਮੇਂ ਦੋ ਅਲੱਗ-ਅਲੱਗ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਤੂਫਾਨ ਕਾਰਨ 9 ਸੂਬਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਰਹੀ ਹੈ । ਉੱਥੇ ਪੂਰਬੀ ਤੱਟੀ ਇਲਾਕਿਆਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਹਵਾਵਾਂ ਕਾਰਨ ਭਾਰੀ ਮੀਂਹ ਜਾਰੀ ਹੈ । ਜਿਸ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ । ਦੱਸਿਆ ਜਾ ਰਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ ਇੱਥੇ 18 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਚੁੱਕਾ ਹੈ । ਕੁਝ ਇਲਾਕਿਆਂ ਵਿੱਚ ਮੀਂਹ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ ।

ਉਥੇ ਹੀ ਦੂਜੇ ਪਾਸੇ ਦੇਸ਼ ਦਾ ਇੱਕ ਹਿੱਸਾ ਭਾਰੀ ਬਰਫ਼ਬਾਰੀ ਨਾਲ ਪਰੇਸ਼ਾਨੀ ਵਿੱਚ ਹੈ । ਭਾਰੀ ਬਰਫ਼ਬਾਰੀ ਕਾਰਨ ਸਪੇਨ ਦੀਆਂ ਕਰੀਬ 2600 ਕਿਲੋਮੀਟਰ ਸੜਕਾਂ ਬਰਫ਼ ਨਾਲ ਢੱਕ ਗਈਆਂ ਹਨ । ਜਿਸ ਕਾਰਨ ਦੇਸ਼ ਭਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ । ਖਰਾਬ ਮੌਸਮ ਕਾਰਨ ਐਲੀਕੇਂਟ ਐਲਚ ਹਵਾਈ ਅੱਡਾ ਬੰਦ ਹੋਣ ਕਾਰਨ 200 ਤੋਂ ਜ਼ਿਆਦਾ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ । ਮੀਂਹ ਅਤੇ ਹੜ੍ਹ ਨਾਲ ਗਿਰੋਨਾ ਵਿੱਚ 2 ਲੱਖ ਤੋਂ ਜ਼ਿਆਦਾ ਲੋਕ ਬਿਨ੍ਹਾਂ ਬਿਜਲੀ ਦੇ ਰਹਿਣ ਲਈ ਮਜਬੂਰ ਹੋ ਗਏ ਹਨ । ਗਿਰੋਨਾ ਤੋਂ ਬਾਅਦ ਹੁਣ ਇਹ ਤੂਫ਼ਾਨ ਫਰਾਂਸ ਵੱਲ ਵਧਣਾ ਸ਼ੁਰੂ ਹੋ ਗਿਆ ਹੈ । ਇਸ ਸਬੰਧੀ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ ।ਦੱਸ ਦੇਈਏ ਕਿ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧ ਸਕਦਾ ਹੈ ਕਿਉਂਕਿ 4 ਲੋਕ ਹਾਲੇ ਵੀ ਲਾਪਤਾ ਹਨ । ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ‘ਤੇ ਲਹਿਰਾਂ ਨੇ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ । ਇਸ ਤੂਫਾਨ ਨਾਲ ਸਭ ਤੋਂ ਵੱਧ ਨੁਕਸਾਨ ਬਾਰਸੀਲੋਨਾ ਨੂੰ ਪਹੁੰਚਿਆ ਹੈ, ਜਿੱਥੇ ਲਹਿਰਾਂ 3 ਕਿਲੋਮੀਟਰ ਅੰਦਰ ਤੱਕ ਦਾਖਿਲ ਹੋ ਗਈਆਂ ਹਨ ।

Leave a Reply

Your email address will not be published. Required fields are marked *

Back to top button