Mini Stories

“ ਫਿਕਰ “

ਸਾਰਾ ਦਿਨ ਮੀਂਹ ਵਰਦਾ ਰਿਹਾ। ਸਾਰੀ ਰਾਤ ਵੀ। ਜਰਨੈਲੀ ਸੜਕ ‘ਤੇ ਪੈਂਦੀ ਬਜਰੀ ਦੀ ਮੋਟੀ ਤਹਿ ਦੇ ਨਾਲ ਨਾਲ ਤੁਰਦੇ ਲੇਬਰ ਦੇ ਤੰਬੂ , ਖੇਤਾਂ-ਖਤਾਨਾਂ ਵਿੱਚ ਭਰੇ ਪਾਣੀ ਅੰਦਰ ਡੁਬਣੋ ਡਰਦੇ, ਬਣਦੀ ਪੱਕੀ ਵਲ ਨੂੰ ਸਰਕ ਆਏ – ਅਗਲਾ ਦਿਨ ਚੜ੍ਹਦਿਆਂ ਸਾਰ ਹੀ ਠੇਕੇਦਾਰ ਦੀਆਂ ਗੰਦੀਆਂ ਜਾਲ੍ਹਾਂ ਨਾਲ ਲਿਬੜੇ ਤੰਬੂ ਤਾਂ ਖਤਾਨਾਂ ਦੀਆਂ ਢਲਾਨਾਂ ਵਲ ਤਿਲਕ ਗਏ, ਉਨ੍ਹਾਂ ਅੰਦਰ ਠੁਰ ਠੁਰ ਕਰਦੇ ਭਿੱਜੇ ਚੁਲ੍ਹੇ ‘ਦਿਹਾੜੀਦਾਰਾਂ ’ ਲਈ ਬੁਰਕੀ ਰੋਟੀ ਵੀ ਨਾ ਪਕਾ ਸਕੇ ।ਦੂਰ ਹਟਵੇਂ ਛੱਪੜ ‘ਚ ਪਾਣੀ ਢੋਂਦੀ ਟੈਂਕੀ ਦੀ ਲੇਬਰ ਬਚਾਉਣ ਲਈ ਠੇਕੇਦਾਰ ਨੇ ਵਰ੍ਹਦੀ ਮੀਂਹ ਵਿਚ ਪਰਲੂ ਚਲਾਉਣ ਦਾ ਹੁਕਮ ਦੇ ਕੇ , ਭੁੱਖੇ-ਭਾਣੇ ਮਰਦਾਂ-ਇਸਤ੍ਰੀਆਂ ਨੂੰ ਟੋਕਰੀਆਂ ਹੇਠ ਜੋੜ ਦਿੱਤਾ। ਰਾਧੀ ਦੀ ਪੰਜ ਕੁ ਸਾਲ ਦੀ ਪਿੰਨੋ ਨੇ ਮਾਂ ਦੀ ਪਾਟੀ ਸਾੜੀ ‘ਚੋਂ ਟੋਟੋ ਵਿਚ ਇਕ ਸਾਲ ਦੇ ਨਿੱਕੇ ਤੇਜੂ ਨੂੰ ਲਪੇਟ ਲਿਆ  ਅਤੇ ‘ਸੜਕ ਬੰਦ ਹੈ‘ ਲਿਖੇ ਦੋ ਡਰਮਾਂ ‘ਤੇ ਟਿਕਾਏ ਫੱਟੇ ਹੇਠ ਖਲੋ ਕੇ ਆਉਂਦੀਆਂ ਮੋਟਰਾਂ ਗੱਡੀਆਂ ਨੂੰ ਰੋਕ ਕੇ ਲੰਘਾਉਣ ਲਈ ਮੈਲੀ ਜਿਹੀ ਲਾਲ ਝੰਡੀ ਫੜ ਲਈ। ਦੁਪਹਿਰ ਪਿਛੋਂ ਇਸ ਸੜਕੇ ਅੰਤਰ-ਰਾਸ਼ਟਰੀ ਕਾਰ ਰੈਲੀ ਲੰਘਣ ਤੋਂ ਪਹਿਲਾਂ ਪਹਿਲਾਂ ਬਹੁਤੇ ਖ਼ਰਾਬ ਟੋਟੋ ਨੂੰ ਸੁਆਰਨ ਦੇ ਉਪਰੋਂ ਚੜ੍ਹੇ ਹੁਕਮ ਦੀ ਪਾਲਣਾ ਕਰਦੇ ਠੇਕੇਦਾਰ ਨੇ ਰਾਧੀ ਨੂੰ ਦੁੱਧ ਚੁੰਘਾਉਣ ਲਈ ਵਿਲਕਦੇ ਬਾਲ ਕੋਲ ਜਾਣੋ ਉਨ੍ਹਾਂ ਚਿਰ ਰੋਕੀ ਰੱਖਿਆ ਜਿੰਨਾ ਚਿਰ ਮਹਿਕਮੇ ਦੇ ਵੱਡੇ ਅਫ਼ਸਰ ਦੀ ਜੀਪ ਨੱਪੀ ਰੋੜੀ ਉਪਰੋਂ ਲੰਘ ਕੇ ’ਓ.ਕੇ.‘ ਨਾਂ ਆਖ ਗਈ ।ਠੰਡ ਨਾਲ ਠਰੇ ਸੁੰਨ ਹੋਏ ਬਾਲਾਂ ਨੂੰ ਭਿੱਜੇ ਤੰਬੂ ਅੰਦਰ ਸੁਲਘਦੀ ਅੱਗ ਦਾ ਧੂਆਂ ਸਿਕਾਉਂਦੀ ਰਾਧੀ ਨੂੰ ਨੇਰ੍ਹੀ ਵਾਂਗ ਲੰਘਦੀਆਂ ਸੁਦੇਸ਼ੀ-ਵਿਦੇਸ਼ੀ ਕਾਰਾਂ ਨਾਲ ਉਭਰ ਕੇ ਗੋਲੀ ਵਾਂਗ ਤੰਬੂ ਵਿਚ ਵਜਦੇ ਚਿੱਕੜ ਦੇ ਛਿਟਿਆਂ ਦਾ ਓਨਾ ਫਿਕਰ ਨਹੀਂ ਸੀ ਜਿਨਾ ਤਿੰਨ ਕੁ ਮੀਲਾਂ ਦੀ ਵਿੱਥ ‘ਤੇ ਵੱਸੇ ਕਰਬੇ ਤੋਂ ਠੇਕੇਦਾਰ ਦੇ ਘਰੋਂ ‘ਤਨਖਾਹ ‘ ਲੈ ਕੇ ਆਟਾ-ਦਾਲ ਲੈਣ ਗਏ ਭਈਆਂ ਦਾ, ਜਿਹੜੇ ਉਦ੍ਹੇ ਬੰਦੇ ਸਮੇਤ ਏਨੀ ਰਾਤ ਗਿਆਂ ਵੀ ਹਾਲੀ ਸ਼ਹਿਰੋਂ ਨਹੀਂ ਸਨ ਪਰਤੇ ।

ਲਾਲ ਸਿੰਘ ਦਸੂਹਾ
  ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
MOBILE NO : 094655-74866

Leave a Reply

Your email address will not be published. Required fields are marked *

Back to top button