Punjab

ਹਰਸਿਮਰਤ ਬਾਦਲ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਆਧੁਨਿਕ ਰੇਲਵੇ ਸਟੇਸ਼ਨ ਦਾ ਉਦਘਾਟਨ

ਸੁਲਤਾਨਪੁਰ ਲੋਧੀ (ਸੋਢੀ, ਧੀਰ)— ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਇਥੇ ਸਿੱਖ ਵਿਰਾਸਤ ਨੂੰ ਰੂਪਮਾਨ ਕਰਦੇ ਅਤੇ ਆਧੁਨਿਕ ਸਹੂਲਤਾਂ ਵਾਲੇ ਨਵੇਂ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਮਲਟੀ ਮੀਡੀਆ ਸੈਂਟਰ ਦਾ ਵੀ ਉਦਘਾਟਨ ਕੀਤਾ, ਜਿਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਉੱਪਰ ਇਕ ਕਿਤਾਬ ਵੀ ਜਾਰੀ ਕੀਤੀ। 25 ਕਰੋੜ ਰੁਪਏ ਦੀ ਲਾਗਤ ਨਾਲ ਹੋਂਦ ‘ਚ ਆਏ ਇਸ ਰੇਲਵੇ ਸਟੇਸ਼ਨ ਨੂੰ ਪਵਿੱਤਰ ਸ਼ਹਿਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਥੇ ਦੋ ਅੰਡਰ ਪਾਸ ਅਤੇ ਦੋ ਪੈਦਲ ਪਾਰ ਕਰਨ ਵਾਲੇ ਪੁਲ ਬਣਾਏ ਗਏ ਹਨ ਅਤੇ ਇਸ ਤੋਂ ਇਲਾਵਾ ਪਲੇਟ ਫਾਰਮ ਨੂੰ ਵੀ ਉੱਚਾ ਕੀਤਾ ਗਿਆ ਹੈ। ਬੀਬਾ ਬਾਦਲ ਨੇ ਗੁਰੂ ਕਿਰਤ ਭਵਨ ਦੇ ਨਾਂ ਨਾਲ ਬਣਾਏ ਨਵੇਂ ਯਾਤਰੀ ਉਡੀਕ ਹਾਲ ਦਾ ਵੀ ਜਾਇਜ਼ਾ ਲਿਆ। ਇਸ ਉਡੀਕ ਘਰ ਨੂੰ ਗੁਰੂ ਸਾਹਿਬ ਦੀ ਤੇਰਾ ਤੇਰਾ ਫ਼ਿਲਾਸਫੀ ਨੂੰ ਧਿਆਨ ‘ਚ ਰੱਖਦਿਆਂ ਰੇਲਵੇ ਸਟੇਸ਼ਨ ਦੇ ਕੇਂਦਰੀ ਗੁੰਬਦ ਦੇ ਦੋਵੇਂ ਪਾਸੇ 13 ਡਾਟਾਂ ਬਣਾ ਕੇ ਤਿਆਰ ਕੀਤਾ ਗਿਆ ਹੈ। ਬੀਬੀ ਬਾਦਲ ਨੇ ਮਲਟੀ ਮੀਡੀਆ ਕੇਂਦਰ ਦਾ ਵੀ ਉਦਘਾਟਨ ਕੀਤਾ ਅਤੇ ਇਥੇ ਇਕ 15 ਮਿੰਟ ਦੀ ਦਸਤਾਵੇਜ਼ੀ ਫਿਲਮ ਵੇਖੀ, ਜਿਸ ਵਿਚ ਆਉਣ ਵਾਲੇ ਸ਼ਰਧਾਲੂਆਂ ਵਾਸਤੇ ਸੁਲਤਾਨਪੁਰ ਲੋਧੀ ਦੇ ਹਵਾਲਿਆਂ ਨਾਲ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਨੂੰ ਵਿਖਾਇਆ ਗਿਆ ਹੈ।ਕੇਂਦਰੀ ਮੰਤਰੀ ਨੇ ਇਸ ਮੌਕੇ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਸਿੱਖਿਆਵਾਂ ਉੱਤੇ ਤਿਆਰ ਕੀਤੀ ‘ਦਿ ਇੰਟਰਨਲ ਟਰੁੱਥ’ ਨਾਂ ਦੀ ਕਿਤਾਬ ਵੀ ਜਾਰੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਨੈਸ਼ਨਲ ਬੁੱਕ ਟਰੱਸਟ ਨੇ ਭਾਰਤੀ ਉਪ ਮਹਾਂਦੀਪ ਦੇ ਪਾਠਕਾਂ ਤਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੁਨੇਹਾ ਪਹੁੰਚਾਉਣ ਲਈ ਗੁਰੂ ਸਾਹਿਬ ਬਾਰੇ ਤਿੰਨ ਕਿਤਾਬਾਂ ‘ਗੁਰੂ ਨਾਨਕ ਬਾਣੀ’, ‘ਨਾਨਕ ਬਾਣੀ’ ਅਤੇ ‘ਸਾਖੀਆਂ ਗੁਰੂ ਨਾਨਕ ਦੇਵ’ ਛਾਪੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ‘ਤੇ ਪੰਜਾਬੀ ਭਾਸ਼ਾ ‘ਚ ਛਾਪੀਆਂ ਇਨ੍ਹਾਂ ਕਿਤਾਬਾਂ ਨੂੰ 15 ਮੁੱਖ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਬਾਣੀ ਕਿਤਾਬ ਪਹਿਲਾਂ ਹੀ ਉਰਦੂ, ਉੜੀਆ, ਮਰਾਠੀ, ਹਿੰਦੀ ਅਤੇ ਗੁਜਰਾਤੀ ਭਾਸ਼ਾਵਾਂ ਵਿਚ ਛਾਪੀ ਜਾ ਚੁੱਕੀ ਹੈ।

Leave a Reply

Your email address will not be published. Required fields are marked *

Back to top button