Mini Stories

ਲੋਹੇ ਦਾ ਘੋੜਾ

“ਜਦੋਂ ਘਰੋਂ ਤੁਰਿਆ ਸੈਂ ਤਾਂ ਤੇਲ ਦੀ ਤਿੱਪ ਛੁਹਾ ਲੈਨੋਂ ਮਾਹਲ ਨੂੰ, ਇਹ ਤਾਂ ਬਾਹਲੀ ਚੀਕੀ ਜਾਂਦੀ ਏ।’’ ਸਾਈਕਲ ਦੇ ਪਿਛੇ ਬੈਠੇ ਬਾਪੂ ਦਿਆਲੇ ਨੇ ਸਾਈਕਲ ਚਲਉਂਦੇ ਆਪਣੇ ਅਠਾਰਾਂ ਉੱਨੀ ਵਰ੍ਹੇ ਦੇ ਪੋਤਰੇ ਨ੍ਹਾਰੇ ਨੂੰ ਸੰਬੋਧਨ ਕੀਤਾ। ਕੜ੍ਹਕਦੀ ਧੁੱਪ ਵਿਚ ਦਾਦਾ ਪੋਤਰਾ ਸ਼ਹਿਰੋਂ ਪਿੰਡ ਵੱਲ ਆ ਰਹੇ ਸਨ। ਭਾਵੇਂ ਵਾਟ ਅਜੇ ਦੋ ਕੁ ਮੀਲ ਬਾਕੀ ਸੀ ਪਰ ਉੱਚੇ ਟਿੱਬੇ ਤੇ ਵੱਸਿਆ ਹੋਣ ਕਰਕੇ ਪਿੰਡ ਦੂਰੋਂ ਹੀ ਨਜ਼ਰ ਆ ਰਿਹਾ ਸੀ। ਵੈਸਾਖ ਦੇ ਆਖਰੀ ਦਿਨ ਹੋਣ ਕਰਕੇ ਗਰਮੀ ਆਪਣਾ ਰੰਗ ਵਿਖਾ ਰਹੀ ਸੀ। ਨ੍ਹਾਰੇ ਦਾ ਕੁੜ੍ਹਤਾ ਮੁੜ੍ਹਕੇ ਨਾਲ ਤਰ-ਬ-ਤਰ ਹੋ ਚੁੱਕਾ ਸੀ। ਸੜਕ ਦੂਰ ਤੱਕ ਖਾਲੀ ਨਜ਼ਰ ਆ ਰਹੀ ਸੀ। ਕਣਕ ਦੀ ਵਾਢੀ ਨੂੰ ਕੰਬਾਇਨਾ ਨੇ ਵੇਲੇ ਸਿਰ ਸਾਂਭ ਲਿਆ ਸੀ, ਪਰ ਛੋਟੀ ਜ਼ਿੰਮੀਦਾਰੀ ਹੱਥੀਂ ਵਾਢੀ ਵੀ ਕਰ ਰਹੀ ਸੀ। ਸੜਕੋਂ ਹਟਵੇਂ ਚੱਲਦੇ ਥਰੈਸਰ ਦੀ ਆਵਾਜ ਨਾਲ ਮਿਲਕੇ ਸਾਈਕਲ ਦੀ ਚੀਂ-ਚੀਂ ਦੁਪੈਹਿਰ ਦੇ ਸਨਾਟੇ ਨੂੰ ਨਿਰੰਤਰ ਭੰਗ ਕਰ ਰਹੀ ਸੀ । ਨਾਲ਼ੇ ਦੇ ਪੁੱਲ ਦੀ ਚੜਾਈ ਚੜਦਿਆਂ ਸਾਈਕਲ ਦੀ ਰਫ਼ਤਾਰ ਘਟ ਗਈ। ਪੁੱਲ ਚੜ ਕੇ ਉਤਰਾਈ ਤੋਂ ਨ੍ਹਾਰੇ ਨੇ ਪੈਡਲ ਮਾਰਨੇ ਬੰਦ ਕਰ ਕੇ ਲੰਮਾ ਸਾਹ ਲਿਆ ਅਤੇ ਸਾਈਕਲ ਆਪਣੇ ਆਪ ਹੀ ਪੁੱਲ ਉਤਰਨ ਲੱਗਾ। ਪੁਲੋਂ ਉਤਰ ਕੇ ਖੱਬੇ ਹੱਥ ਪਿਪਲ ਦੀ ਸੰਘਣੀ ਛਾਂ ਥੱਲੇ ਇਕ ਤਖਤਪੋਸ਼ ਡਿੱਠਾ ਸੀ। ਤਖਤਪੋਸ਼ ਦੇ ਲਾਗੇ ਹੀ ਛੋਟਾ ਜਿਹਾ ਲੱਕੜ ਦਾ ਖੋਖਾ ਸੀ ਜਿਸ ਦੇ ਬਾਹਰ ਸਾਈਕਲ ਦੇ ਟਾਇਰ ਅਤੇ ਅੰਦਰ ਸਾਈਕਲ ਦੇ ਪੁਰਜੇ ਤੇ ਹੋਰ ਨਿੱਕਸੁਕ ਟੰਗਿਆ ਹੋਇਆ ਸੀ। ਪਿੱਪਲ ਦੇ ਨਾਲ ਹੀ ਛੋਟੀ ਜਿਹੀ ਹੱਥੀ ਵਾਲਾ ਨਲਕਾ ਲੱਗਾ ਹੋਇਆ ਸੀ। ਤਖ਼ਤਪੋਸ਼ ਤੇ ਲੰਮਾ ਪਿਆ ਹੋਇਆ ਆਦਮੀ ਬਾਪੂ ਦਿਆਲੇ ਨੂੰ ਵੇਖਕੇ ਉੱਠ ਬੈਠਾ। “ਤਾਇਆ ਕਿਉਂ ਜਵਾਕ ਨੂੰ ਧੁੱਪੇ ਸਾੜਨ ਡਿਆ ਏਂ। ਤੇਰੀ ਪੈਂਸ਼ਨ ਦਾ ਤੇ ਕੋਈ ਤਬਾਰ ਨਹੀਂ, ਨਿਆਣੇਂ ਨੂੰ ਜਰੂਰ ਲੂ ਲੱਗ ਜਾਣੀ ਏਂ।” ਫਿਰ ਉਹ ਨਾਹਰੇ ਨੂੰ ਸੰਬੋਧਨ ਹੋ ਕੇ ਬੋਲਿਆ, “ਖੜ ਜਾ ਕਾਕਾ ਦਮ ਮਾਰ ਲੈ ਝੱਟ ਕੁ”।
ਨਾਹਰੇ ਨੇ ਸਾਈਕਲ ਪਿੱਪਲ ਦੀ ਛਾਵੇਂ ਕਰਕੇ ਰੋਕ ਲਿਆ।“ਭੰਤਾ ਸਿਆਂ ਗਰਮੀ ਵਾਲੀ ਤੇ ਅੱਤ ਹੋ ਗੀ, ਕਾਂ ਅੱਖ ਨਿਕਲਦੀ ਪਈ ਏ।” ਬਾਪੂ ਦਿਆਲੇ ਨੇ ਹੌਲੀ ਦੇਣੀ ਤਖਤਪੋਸ਼ ਤੇ ਬਹਿੰਦੇ ਹੋਏ ਮੱਥੇ ਤੋਂ ਮੁੜ੍ਕਾ ਪੂੰਝਦਿਆਂ ਕਿਹਾ। “ਸਰਕਾਰੀ ਕੰਮ ਹੱਡਾਂ ਦਾ ਖੋਅ, ਅਖੇ ਬੁਢੇਪਾ ਪਿਲਸਣ ਲੱਗ ਰਹੀ ਏ। ਕੋਈ ਪੁੱਛੇ ਬਈ ਬੁਢੇਪਾ ਤੇ ਤੁਸਾਂ ਦਫਤਰਾਂ ’ਚ ਰੋਲ ਦੇਣਾ ਏਂ, ਪਿਲਸਣ ਦਾ ਬਾਦ੍ਹ ਵਿਚ ਬੁੱਢੇ ਉੱਤੇ ਬਾਲਣ ਪਾ ਦਿਓ। ਆਹ ਪੰਜਵਾਂ ਗੇੜਾ ਈ ਸ਼ੈਰ, ਤੇ ਕੰਮ ਉਥੇ ਦਾ ਉਥੇ।” ਗੱਲ ਮੁਕਾਉਂਦਿਆਂ ਬਾਪੂ ਦਾ ਲਹਿਜਾ ਨਿਰਾਸ਼ਾ ਨਾਲ ਭਰ ਗਿਆ। ਨ੍ਹਾਰਾ ਪਾਣੀ ਪੀ ਕੇ ਤੱਖਤਪੋਸ਼ ਤੇ ਇੱਕ ਪਾਸੇ ਟੇਡਾ ਹੋ ਗਿਆ। “ਕੋਈ ਨੀ ਤਾਇਆ ਜੇ ਚਾਰ ਪੈਸੇ ਤੈਨੂੰ ਮਿਲ ਜਾਣਗੇ ਤਾਂ ਤੇਰਾ ਈ ਫੈਦਾ ਏ, ਵੈਸੇ ਹੈ ਤਾਂ ਤੰਗੀ ਈ ਏ ਏਦਾਂ ਗਰਮੀ’ਚ।” ਭੰਤਾ ਹਮਦਰਦੀ ਵਾਲੇ ਰੌਂਅ’ਚ ਬੋਲਿਆ।
ਸ਼ਹਿਰ ਵਾਲੇ ਪਾਸਿਉਂ ਇਕ ਪਾੜ੍ਹੇ ਮੁੰਡੇ ਨੇ ਸਾਈਕਲ ਆ ਖਲਾਰਿਆ ਅਤੇ ਪੰਪ ਫੜ ਕੇ ਪਿਛਲੇ ਟਾਇਰ ਵਿਚ ਹਵਾ ਭਰਨ ਲੱਗ ਪਿਆ। ਪਿੰਡ ਵਾਲੇ ਪਾਸਿਉਂ ਇਕ ਕਾਰ ਆਉਂਦੀ ਦਿਸੀ। “ਆਹ ਗੱਡੀ ਆਵਦੇ ਪਿੰਡੋਂ ਨੀ ਜਾਪਦੀ, ਪਿਛੋਂ ਆਈ ਹੋਊ।” ਭੰਤੇ ਨੇ ਕਾਰ ਵੱਲ ਵੇਖਦਿਆਂ ਕਿਹਾ। ਕੁਝ ਕੁ ਪਲਾਂ ਵਿਚ ਕਾਰ ਪਿੱਪਲ ਦੇ ਬਰਾਬਰ ਆ ਕੇ ਤੱਖਤਪੋਸ਼ ਕੋਲ ਰੁਕ ਗਈ। ਪਿਛਲਾ ਤੇ ਅਗਲਾ ਦਰਵਾਜ਼ਾ ਦੋਵੇਂ ਖੁੱਲੇ। ਕਾਰ ਵਿਚੋਂ ਠੰਡੀ ਵਾ ਦਾ ਬੁੱਲਾ ਨਿਕਲ ਕੇ ਤੱਖਤਪੋਸ਼ ਤੇ ਬੈਠਿਆਂ ਨੂੰ ਨਿਹਾਲ ਕਰ ਗਿਆ। ਅਗਲੇ ਦਰਵਾਜ਼ੇ ’ਚੋਂ ਡਰਾਇਵਰ ਨਿਕਲਿਆ ਅਤੇ ਹੱਥ ਵਿਚ ਫੜੀ ਕੈਨੀ ਵਿਚ ਨਲਕੇ ਤੋਂ ਪਾਣੀ ਭਰਨ ਲੱਗਾ। ਪਿਛਲੇ ਦਰਵਾਜ਼ੇ ਵਿੱਚੋਂ ਇਕ ਸਰਦਾਰ ਸਾਹਿਬ ਨੇ ਬੈਠਿਆਂ-ਬੈਠਿਆਂ ਪੁਛਿਆ, “ਬਜ਼ੁਰਗੋ ਸ਼ਹਿਰ ਕਿੰਨਾ ਕੁ ਹੋਊ ਏਥੋਂ।”… “ਬਸ ਢਾਈ ਮੀਲ ਏ ਏਥੋਂ।” ਭੰਤਾ ਏ ਸੀ ਕਾਰ ਵਿਚੋਂ ਆਏ ਹੋਏ ਠੰਡੇ ਬੁੱਲੇ ਨੂੰ ਮਾਣਦਾ ਬੋਲਿਆ। ਏਨੇ ਨੂੰ ਡਰਾਇਵਰ ਕੈਨੀ ਰੇਡੀਏਟਰ ਵਿਚ ਉਲਟ ਚੁੱਕਾ ਸੀ। ਦਰਵਾਜੇ ਬੰਦ ਹੋ ਗਏ ਅਤੇ ਕਾਰ ਫਿਰ ਸੜ੍ਹਕ ਤੇ ਚੜ੍ਹ ਗਈ। ਕੁਝ ਦੇਰ ਤੱਕ ਦੋਵੇਂ ਜਾਂਦੀ ਕਾਰ ਨੂੰ ਵੇਖਦੇ ਰਹੇ। ਜਦ ਕਾਰ ਪੁਲੋਂ ਹੇਠਾਂ ਉਤਰ ਗਈ ਤਾਂ ਭੰਤੇ ਨੇ ਚੁੱਪ ਤੋੜ੍ਹੀ, “ਆਹ ਏ ਜਿੰਦਗੀ, ਸਵਾਦ ਹੋਇਆ ਨਾ…ਕਾਰ ਕਾਦੀ ਏ ਚਲਦਾ ਫਿਰਦਾ ਸ਼ਿਮਲਾ ਈ ਏ। ਬਈ ਏਸ ਸਰਦਾਰ ਨੂੰ ਤਪਸ਼ ਕੀ ਆਂਦੀ ਹੋਣੀ ਏਂ। ਬਰਫ ’ਚ ਲੱਗੇ ਨੇ ਈ ਸ਼ਹਿਰ ਚਲੇ ਜਾਣਾ ਏਂ।” ਕਾਰ ਦਾ ਠੰਡਾ ਵਾਤਾਵਰਣ ਉਸ ਦੇ ਦਿਮਾਗ ਉੱਤੇ ਛਾਇਆ ਹੋਇਆ ਸੀ। ਉਹ ਅਜੇ ਵੀ ਕਾਰ ਵਾਲੇ ਪਾਸੇ ਹੀ ਵੇਖੀ ਜਾ ਰਿਹਾ ਸੀ। …“ਆਹ ਜਿੱਦਾਂ ਠੰਡ ’ਚ ਅੰਦਰ ਗਰਮ ਕਰਨ ਵਾਲੇ ਹੀਟਰ ਹੁੰਦੇ ਨੇ, ਓਦਾਂ ਈ ਆਂਹਦੇ ਨੇ ਗਰਮੀਆਂ’ਚ ਅੰਦਰ ਠੰਡਾ ਕਰਨ ਵਾਲੇ ਹੀਟਰ ਵੀ ਬਣੇ ਨੇ” ਤਾਏ ਦਿਆਲੇ ਨੇ ਸਿਰ ਦੇ ਸਾਫ਼ੇ ਨਾਲ ਤਖਤਪੋਸ਼ ਝਾੜ ਕੇ ਲੰਮੇ ਪੈਂਦੇ ਨੇ ਆਪਣੀ ਸੁਣੀ ਸੁਣਾਈ ਜਾਣਕਾਰੀ ਭੰਤੇ ਤੇ ਨਿਸ਼ਾਵਰ ਕਰ ਦਿੱਤੀ। ਪਾੜ੍ਹਾ ਮੁੰਡਾ ਤਾਏ ਦੀ ਗੱਲ ਸੁਣ ਕੇ ਮੁਸ਼ਕਣੀ ਹੱਸ ਪਿਆ ਅਤੇ ਸਾਈਕਲ ਤੇ ਲੱਤ ਦੇ ਕੇ ਪਿੰਡ ਵੱਲ ਤੁਰ ਪਿਆ। ਸੁੱਤੇ ਪਏ ਨ੍ਹਾਰੇ ਨੇ ਪਾਸਾ ਪਰਤਿਆ। ਥਰੈਸ਼ਰ ਬੰਦ ਹੋਣ ਕਰਕੇ ਕੜਕਦੀ ਧੁੱਪ ਦਾ ਸਨਾਟਾ ਚਾਰੇ ਪਾਸੇ ਪਸਰਿਆ ਪਿਆ ਸੀ।“
ਤਾਇਆ ਸਭ ਸੈਂਸ ਦੀਆਂ ਈ ਬਰਕਤਾਂ ਨੇ… ਹੁਣ ਤੇ ਬੜਾ ਕੁਝ ਬਣ ਗਿਆ ਈ, ਆਹ ਠੰਡੇ ਗਰਮ ਹੀਟਰ ਤਾਂ ਕੁਝ ਵੀ ਨਾ ਹੋਏ,…ਆਹ ਵਾਢੀਆਂ ਈ ਵੇਖ ਲੈ, ਦਸਾਂ ਦਿਨਾਂ ’ਚ ਕੰਪੈਨਾ ਨੇ ਵਿਹਲ ਕਰਤਾ, ਨਹੀਂ ਤੇ ਜ਼ਿੰਮੀਦਾਰਾਂ ਦਾ ਕੋਈ ਹਾਲ ਹੁੰਦਾ ਸੀ ਇਹਨਾ ਦਿਨਾ ’ਚ।” ਠੰਡੇ ਬੁੱਲੇ ਦੇ ਮਾਇਆ ਜਾਲ ’ਚੋਂ ਨਿਕਲ ਕੇ ਭੰਤੇ ਨੇ ਗੱਲਬਾਤ ਦਾ ਵਿਸ਼ਾ ਸਾਇੰਸ ਦੀ ਤਰੱਕੀ ਵੱਲ ਮੋੜ ਦਿਤਾ। “ਹੁਣ ਤੇ ਗੱਡੀਆਂ ਬੱਸਾਂ ਸੜਕਾਂ ਤੇ ਘੂਕਦੀਆਂ ਫਿਰਦੀਆਂ ਨੇ, ਤਾਂਗੇ ਯੱਕੇ ਵੀ ਘੱਟ ਈ ਲੱਭਦੇ ਨੇ। …ਆਹ ਕਮਰਾ ਠੰਡਾ ਕਰਨ ਵਾਲੀਆਂ ਪੰਜ-ਛੇ ਮਸ਼ੀਨਾਂ ਆਪਣੇ ਪਿੰਡ ਤਕੜਿਆਂ ਘਰਾਂ ’ਚ ਆ ਗਈਆਂ ਨੇ… ਸਰਪੰਚਾਂ ਦੇ ਮੀਤੇ ਦੇ ਦਾਜ਼ ’ਚ ਜਿਹੜੀ ਕੱਪੜੇ ਧੋਣ ਵਾਲੀ ਮਸ਼ੀਨ ਆਈ ਆ, ਉਹ ਤਾਂ ਕਹਿੰਦੇ ਨੇ ਕੱਪੜੇ ਧੋ ਕੇ ਸਕਾਊਂਦੀ ਵੀ ਆਪ ਈ ਏ।” ਤਾਏ ਦਿਆਲੇ ਨੇ ਕੱਪੜੇ ਧੋਣ ਵਾਲੀ ਮਸ਼ੀਨ ਤਾਂ ਸੁਣੀ ਸੀ ਪਰ ਸਕਾਉਣ ਵਾਲੀ ਉਸਦੀ ਜਾਣਕਾਰੀ ਤੋਂ ਬਾਹਰ ਸੀ। ਇਸ ਲਈ ਉਹ ਥੋੜਾ ਹੈਰਾਨ ਜਿਹਾ ਹੋ ਕੇ ਬੋਲਿਆ –“
ਹਲਾ ਆਹ ਤਾਂ ਨਵੀਂ ਗੱਲ ਦੱਸੀ ਊ”
ਫਿਰ ਉਹ ਢਿੱਲੇ ਜਿਹੇ ਰੌਂਅ ’ਚ ਬੋਲਿਆ — “ਬਈ ਤਕੜਿਆਂ ਦੇ ਤਕੜੇ ਕੰਮ, ਪੈਸੇ ਦੀਆਂ ਗੱਲਾਂ ਨੇ ਸਾਰੀਆਂ।”…ਸਾਇੰਸ ਨੂੰ ਪੈਸੇ ਨਾਲ ਜੋੜਕੇ ਤਾਏ ਨੇ ਕੌੜੀ ਸਚਾਈ ਵੱਲ ਇਸ਼ਾਰਾ ਕੀਤਾ।
“ਤਾਇਆ ਬਾਹਰਲੇ ਦੇਸ਼ਾਂ ਨੂੰ ਲੋਕ ਏਦਾਂ ਆਉਂਦੇ ਜਾਂਦੇ ਨੇ, ਬਈ ਜਿੱਦਾਂ ਖੂਹ ਤੋਂ ਹੋ ਕੇ ਆਏ ਹੋਣ… ਕਨੇਡਾ ਵਾਲਿਆਂ ਦਾ ਦੇਬਾ ਪਿਛਲੇ ਐਤਵਾਰ ਏਥੋਂ ਤੁਰਿਆ ਸੀ, ਦੂਜੇ ਦਿਨ ਪਤਾ ਲੱਗਾ ਬਈ ਕਨੇਡਾ ਪਹੁੰਚ ਗਿਆ। ਸਭ ਸੈਂਸ ਦੀਆਂ ਗੱਲਾਂ ਨੇ, ਨਹੀਂ ਤੇ ਕਿੱਥੇ ਦੁਨੀਆਂ ਦਾ ਦੂਜਾ ਪਾਸਾ ਏ…ਗਈਆਂ ਉਹ ਗੱਲਾਂ ਬਈ ਤੁਰੇ ਜਾਣਾ ਜੁੱਤੀ ਡਾਂਗ ਤੇ ਟੰਗ ਕੇ।” ਗੱਲ ਕਰਦਿਆਂ ਭੰਤੇ ਨੇ ਬੈਠੇ-ਬੈਠੇ ਨੇ ਲੱਤ ਸਿੱਧੀ ਕੀਤੀ। “ਆਹ ਪਰਸੋਂ ਜੈਲਦਾਰਾਂ ਦਾ ਪੋਤਰਾ ਡਿੱਗ ਪਿਆ ਕੋਠੇ ਤੋਂ ਖੇਡਦਾ-ਖੇਡਦਾ ਤੇ ਡਿੱਗਦਿਆਂ ਈ ਬੇਹੋਸ਼ ਹੋ ਗਿਆ, ਜੈਲਦਾਰ ਉਸੇ ਵੇਲੇ ਈ ਕਾਰ’ਚ ਪਾ ਕੇ ਲੈ ਗਿਆ ਸ਼ਹਿਰ…ਬਚਾਅ ਹੋ ਗਿਆ। ਡਾਕਟਰ ਕਹਿੰਦਾ ਸੀ ਜੇ ਚਿਰ ਹੋ ਜਾਂਦਾ ਤਾਂ ਮੁੰਡਾ ਨਹੀਂ ਸੀ ਵੱਲ ਆਉਣਾ। ਆਪਣਾ ਸਾਧਨ ਸੀ ਘਰੇ… ਬਚ ਗਿਆ ਮੁੰਡਾ।” ਭੰਤੇ ਉੱਤੇ ਅਜੇ ਵੀ ਕਾਰ ਆਪਣਾ ਪ੍ਰਭਾਵ ਬਣਾਈ ਬੈਠੀ ਸੀ ।
ਥਰੈਸ਼ਰ ਦੁਬਾਰਾ ਚੱਲਣ ਦੀ ਅਵਾਜ਼ ਆਈ , ਨਾਲ ਹੀ ਮਾੜੀ-ਮਾੜੀ ਲੂ ਵਗਣੀ ਸ਼ੁਰੂ ਹੋ ਗਈ ਸੀ।
“ਮਾਇਆ ਦੀਆਂ ਗੱਲਾਂ ਨੇ ਸਭ ਭੰਤਿਆ, ਮਾਇਆ ਦੀਆਂ…ਤੂੰ-ਮੈਂ ਸੈਂਸ ਨੂੰ ਕੀ ਕਹਿਣੈ”…ਗੱਲ ਕਰਦਾ ਕਰਦਾ ਤਾਇਆ ਉੱਠ ਕੇ ਬੈਠ ਗਿਆ…“ਪਿਓ ਤੇਰਾ ਪਿਛਲੇ ਸਾਲ ਮਿਆਦੀ ਬੁਖਾਰ ਨਾਲ ਮਰ ਗਿਆ ਘਰੇ, ਜੇ ਤੇਰੇ ਕੋਲ ਚਾਰ ਛਿੱਲੜ ਹੁੰਦੇ ਤਾਂ ਚੰਗਾ ਡਾਕਟਰ ਲੱਭਦੋਂ,…ਘਰੋਂ ਜੀਅ ਤੇ ਨਾ ਜਾਂਦਾ… ਸੈਂਸ ਓਨ੍ਹਾ ਦੀ ਜਿੰਨ੍ਹਾ ਕੋਲ ਨੋਟ ਨੇ…ਜ਼ਹਾਜਾਂ ਮਸ਼ੀਨਾਂ ਨੇ ਸਾਡਾ ਕੀ ਸਵਾਰਿਆ…ਕੰਪੈਨਾ ਨੇ ਵਾਢੀ ਵਾਲਾ ਕੰਮ ਈ ਠੱਪ ਤਾ, ਪਿੰਡ ਹੁਣ ਮੰਡੀਰ ਸਾਡੀ ਸਾਰੀ ਵਿਹਲੀ ਤੁਰੀ ਫਿਰਦੀ ਏ…ਨਾ ਕੰਮ, ਨਾ ਧੰਦਾ।”
ਤਾਏ ਦੇ ਬੋਲਾਂ ਵਿਚ ਥੋੜੀ ਜਿਹੀ ਤਲਖੀ ਆ ਗਈ।
“ਘਰਵਾਲੀ ਤੇਰੀ ਚੌਆਂ ਘਰਾਂ ਦੇ ਕਪੜੇ ਧੋ ਕੇ ਤੇਰੀ ਕਬੀਲਦਾਰੀ ਥੱਲੇ ਸਾਵਾਂ ਮੋਢਾ ਦੇਂਦੀ ਏ,…ਜੇ ਸਾਰੇ ਕੱਪੜੇ ਵਾਲੀਆਂ ਮਸ਼ੀਨਾਂ ਲੈ ਆਉਣ ਤੇ ਉਹ ਵੀ ਵਿਹਲੀ ਹੋ ਕੇ ਬੈਜੂ।”ਗੱਲ ਕਰਦਿਆ ਤਾਏ ਦਾ ਸੁਰ ਉੱਚਾ ਹੋਣ ਕਰਕੇ ਨ੍ਹਾਰਾ ਅੱਬੜਵਾਹੀ ਉੱਠਿਆ ਤੇ ਉਸ ਅੱਖਾਂ ਮਲਦਿਆਂ ਤਾਏ ਵੱਲ ਤੱਕਿਆ ਕਿ ਤਾਇਆ ਕਿਤੇ ਕਿਸੇ ਗੱਲੋਂ ਭੰਤੇ ਨਾਲ ਲੜ ਨਾ ਪਿਆ ਹੋਵੇ, ਪਰ ਫਿਰ ਉਹ ਨਿਸਚਿੰਤ ਹੋ ਕੇ ਲੰਮੇ ਪੈ ਗਿਆ।
ਸਾਇੰਸ ਦੀ ਸਿਫਤ ਕਰਦਾ ਹੋਇਆ ਭੰਤਾ ਐਤਕੀਂ ਥੋੜੇ ਜਿਹੇ ਨਿਰਾਸ਼ ਰੌਂਅ ਵਿਚ ਬੋਲਿਆ-
“ਗੱਲ ਤਾਂ ਤੇਰੀ ਸਹੀ ਆ ਤਾਇਆ…ਜੇ ਚਾਰ ਪੈਸੇ ਹੁੰਦੇ ਤਾਂ ਸਾਡੇ ਘਰੀਂ ਵੀ ਚੱਜ ਦੀਆਂ ਚੀਜਾਂ ਹੁੰਦੀਆਂ, ਨਿਆਣੇ ਚੰਗੇ ਸਕੂਲਾਂ ਵਿਚ ਪੜਦੇ ਤੇ ਨਾਂ ਖੱਟਦੇ… ਆਪਣਾ ਛੋਟੂ ਪੜਾਈ ’ਚ ਚੰਗਾ ਸ਼ਿਆਰ ਨਿਕਲਿਆ ਸੀ…ਪਰ ਪੰਜਵੀਂ ਤੋਂ ਬਾਦ ਹਟਾ ਲਿਆ…ਕੀ ਕਰਦੇ ਫਿਰ। ਕਰਜ਼ਾ ਤਾਂ ਬਾਪੂ ਦੀ ਬੀਮਾਰੀ ਦਾ ਪਹਿਲਾਂ ਹੀ ਸਿਰ ਚੜਿਆ ਪਿਆ ਸੀ…ਪੜ੍ਹਾਈ ਦਾ ਖਰਚਾ ਕਿੱਥੋਂ ਕਰਨਾ ਸੀ…”
“ਭੰਤਿਆ ਇਹ ਸੈਂਸ ਨੇ ਜੋ ਬਣਾਇਆ ਏ ਸਬ ਅਮੀਰਾਂ ਲਈ ਏ…ਇਹ ਡਾਕਟਰੀ ਏਡੀ ਤਰੱਕੀ ਗਰੀਬਾਂ ਲੀ ਨੀ ਕਰਗੀ, ਪੈਸੇ ਵਾਲਿਆਂ ਲੀ ਕਰਗੀ ਏ…ਅਸੀਂ ਗਰੀਬਾਂ ਨੇ ਸੱਪ ਲੜੇ ਤੇ ਫਾਂਡੇ ਈ ਕਰਾਉਣੇ ਨੇ…ਹੁਣ ਦਵਾ-ਦਵ ਕਾਰ ’ਚ ਪਾ ਸ਼ੈਰ ਹਸਪਤਾਲ ਖੜਨੋ ਤਾਂ ਰਏ..ਏਨਾ ਜ਼ਰੂਰ ਕੀਤਾ ਈ ਬਈ ਸਾਡੇ ਗਰੀਬਾਂ ਦੇ ਹੱਥੋਂ ਕੰਮ ਖੋਹ ਲਿਆ ਈ..ਤੇ ਅਸੀਂ ਵਿਹਲੇ ਹੋ ਕੇ ਘਰੀਂ ਬਹਿ ਗਏ ਆਂ।”
ਗੱਲ ਕਰਦਿਆਂ ਤਾਏ ਦੇ ਚਿਹਰੇ ਤੇ ਤਲਖੀ ਤੇ ਰੋਹ ਗੁੱਥਮਗੁੱਥਾ ਹੋ ਰਹੇ ਸਨ।
“ਸਾਡੀ ਸੈਂਸ ਤੇ ਐਸ ਲੋਹੇ ਦੇ ਘੋੜੇ ਤੱਕ ਈ ਏ..”ਤਾਏ ਨੇ ਸਾਈਕਲ ਵੱਲ ਇਸ਼ਾਰਾ ਕਰਦੇ ਨੇ ਕਿਹਾ-
“ਜਿਥੇ ਕਹੋ ਲੈ ਜਾਂਦੈ ਬੇਜ਼ੁਬਾਨ…ਨਾ ਏਹਨੇ ਕੁਝ ਲੈਣਾ ਏ, ਨਾ ਦੇਣਾ ਏਂ…ਖਰਚ ਨਾ ਖਰਚਾਅ।”
ਗੱਲ ਮੁਕਾ ਕੇ ਤਾਇਆ ਤੱਖਤਪੋਸ਼ ਤੋਂ ਉੱਠ ਬੈਠਾ ਤੇ ਨ੍ਹਾਰੇ ਨੂੰ ਬੋਲਿਆ-
“ਉੱਠ ਪੁੱਤਰਾ ਫੜ੍ਹ ਸ਼ੈਕਲ…ਚੱਲੀਏ ਹੁਣ…ਲਉਡੇ ਵੇਲੇ ਉੱਚੇ ਬੂਹੇ ਵਾਲਿਆਂ ਦੇ ਮੂਸਲ੍ਹ ਬੰਨਣ ਵੀ ਜਾਣੈ।”
ਨ੍ਹਾਰੇ ਨੇ ਅਵਾਜ਼ ਸੁਣ ਕੇ ਨੀਂਦ ਤੋਂ ਜਾਗਦਿਆਂ ਖੜੇ ਹੋ ਕੇ ਆਕੜ ਭੰਨੀ ਤੇ ਨਲਕੇ ਨੂੰ ਗੇੜਦਿਆਂ ਦੋ ਬੁੱਕ ਪਾਣੀ ਪੀਤਾ । ਫਿਰ ਬਾਪੂ ਨੂੰ ਪਿੱਛੇ ਬਿਠਾ ਕੇ ਸਾਈਕਲ ਨੂੰ ਤੋਰ ਲਿਆ। ਲੋਹੇ ਦਾ ਘੋੜਾ ਆਪਣੀ ਚਾਲੇ ਫੇਰ ਪਿੰਡ ਵੱਲ ਨੂੰ ਤੁਰ ਪਿਆ ਸੀ।
ਯਾਦਵਿੰਦਰ ਸਿੰਘ ਸਤਕੋਹਾ


Leave a Reply

Your email address will not be published. Required fields are marked *

Back to top button