District NewsMalout NewsPunjab

5ਵੀਂ ਤੇ 8ਵੀਂ ਜਮਾਤ ਦੀ ਟਰਮ-1 ਦੀ ਪ੍ਰੀਖਿਆ 5 ਮਾਰਚ ਤੋਂ, 10ਵੀਂ ਦੀ ਪ੍ਰੀਖਿਆ 4-5 ਮਾਰਚ ਨੂੰ

ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਟਰਮ-1 ਦੀ ਪ੍ਰੀਖਿਆ ‘ਚ ਕੋਵਿਡ-19 ਕਾਰਨ ਬੀਮਾਰ, ਸਪੋਰਟਸ ਵਾਲੇ ਅਤੇ ਗੈਰ-ਹਾਜ਼ਿਰ ਰਹਿਣ ਵਾਲੇ ਪ੍ਰੀਖਿਆਰਥੀਆਂ ਦੀ ਦੁਬਾਰਾ ਪ੍ਰੀਖਿਆ 5 ਤੋਂ 8 ਮਾਰਚ ਤੱਕ ਆਯੋਜਿਤ ਕੀਤੀ ਜਾਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ ਇਹ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਕੋਵਿਡ-19 ਨੂੰ ਧਿਆਨ ‘ਚ ਰੱਖਦਿਆਂ ਕਰਵਾਈ ਜਾਵੇਗੀ। ਮਹਿਰੋਕ ਨੇ ਦੱਸਿਆ ਕਿ 5ਵੀਂ ਜਮਾਤ ਦੀ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਵਾਤਾਵਰਣ ਸਿੱਖਿਆ ਦੀ ਪ੍ਰੀਖਿਆ 5 ਮਾਰਚ ਨੂੰ, ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੀ ਪ੍ਰੀਖਿਆ 7 ਮਾਰਚ ਨੂੰ ਅਤੇ ਹਿਸਾਬ ਦੀ ਪ੍ਰੀਖਿਆ 8 ਮਾਰਚ ਨੂੰ ਸਵੇਰੇ 10.30 ਵਜੇ ਤੋਂ ਸ਼ੁਰੂ ਹੋਵੇਗੀ। ਹਿਸਾਬ ਦੀ ਪ੍ਰੀਖਿਆ ਦਾ ਸਮਾਂ 10.30 ਵਜੇ ਤੋਂ 11.30 ਵਜੇ ਤੱਕ ਰਹੇਗਾ। ਇਸ ਤੋਂ ਇਲਾਵਾ ਸਾਰੀਆਂ ਪ੍ਰੀਖਿਆਵਾਂ ਸਵੇਰੇ 10.30 ਵਜੇ ਤੋਂ 12.15 ਵਜੇ ਤੱਕ ਹੋਣਗੀਆਂ। 8ਵੀਂ ਜਮਾਤ ਦੀ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਹਿਸਾਬ ਦੀ ਪ੍ਰੀਖਿਆ 5 ਮਾਰਚ ਨੂੰ, ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ ਅਤੇ ਸਮਾਜਿਕ ਸਿੱਖਿਆ ਦੀ ਪ੍ਰੀਖਿਆ 7 ਮਾਰਚ ਨੂੰ ਅਤੇ ਅੰਗਰੇਜ਼ੀ ਤੇ ਵਿਗਿਆਨ ਦੀ ਪ੍ਰੀਖਿਆ 8 ਮਾਰਚ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ, ਜੋ ਸਵੇਰੇ 10.30 ਵਜੇ ਤੋਂ ਲੈ ਕੇ 1.45 ਵਜੇ ਤੱਕ ਹੋਵੇਗੀ। ਪ੍ਰੀਖਿਆਰਥੀਆਂ ਨੂੰ ਓ.ਐੱਮ.ਆਰ ਸ਼ੀਟ ‘ਤੇ ਵੇਰਵਾ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕਰਾਜ ਮਹਿਰੋਕ ਨੇ ਦੱਸਿਆ ਕਿ 10ਵੀਂ ਪੱਧਰ ਦੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਜੋ ਕਿ 27 ਤੇ 28 ਜਨਵਰੀ ਨੂੰ ਕਰਵਾਈ ਜਾਣੀ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਹ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਇਹ ਪ੍ਰੀਖਿਆ 4 ਅਤੇ 5 ਮਾਰਚ ਨੂੰ ਲਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੀਖਿਆ ‘ਚ ਹਿੱਸਾ ਲੈਣ ਵਾਲੇ ਸਾਰੇ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਸਿੱਖਿਆ ਬੋਰਡ ਦੀ ਵੈੱਬਸਾਈਟ ‘ਤੇ 28 ਫਰਵਰੀ ਤੱਕ ਅਪਲੋਡ ਕਰ ਦਿੱਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਇਸ ਦੀ ਸੂਚਨਾ ਈ-ਮੇਲ ਤੇ ਐੱਸ.ਐੱਮ.ਐੱਸ ਰਾਹੀਂ ਭੇਜ ਦਿੱਤੀ ਜਾਵੇਗੀ। ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਲੈਣ ਲਈ ਟੈਲੀਫੋਨ ਨੰਬਰ 0172-5227291 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Back to top button