District NewsMalout NewsPunjab

ਦਾਨੇਵਾਲਾ ਸਮੇਤ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਮਨਜ਼ੂਰ : ਮੀਤ ਹੇਅਰ

ਮਲੋਟ (ਪੰਜਾਬ): ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਬਿਹਤਰ ਖੇਡ ਸਹੂਲਤਾਂ ਦੇਣ ਅਤੇ ਖਿਡਾਰੀਆਂ ਲਈ ਲੋੜੀਂਦੇ ਖੇਡ ਢਾਂਚੇ ਦੀ ਉਸਾਰੀ ਲਈ ਉਚੇਰੀ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਸੱਤ ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਦੇਣ ਦੀ ਪ੍ਰਬੰਧਕੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰੀ ਕਾਲਜਾਂ ਵਿੱਚ ਸੰਬੰਧਿਤ ਖੇਡ ਦੇ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਉੱਥੇ ਉਸ ਖੇਡ ਦੇ ਗਰਾਊਂਡ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਹੋਰਨਾਂ ਸਰਕਾਰੀ ਕਾਲਜਾਂ ਨੂੰ ਵੀ ਖੇਡਾਂ ਲਈ ਫੰਡ ਦਿੱਤੇ ਜਾਣਗੇ। ਸੱਤ ਸਰਕਾਰੀ ਕਾਲਜਾਂ ਲਈ ਮਨਜ਼ੂਰ ਕੀਤੀ ਰਾਸ਼ੀ ਦੇ ਵੇਰਵੇ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰੀ ਕਾਲਜ ਦਾਨੇਵਾਲਾ ਮਲੋਟ ਨੂੰ 200 ਮੀਟਰ ਟਰੈਕ ਤੇ ਵਾਲੀਬਾਲ ਗਰਾਊਂਡ ਲਈ 19.41 ਲੱਖ ਰੁਪਏ, ਸਰਕਾਰੀ ਕਾਲਜ ਗੁਰਦਾਸਪੁਰ ਨੂੰ ਬਾਸਕਟਬਾਲ ਕੋਰਟ ਲਈ 15.75 ਲੱਖ ਰੁਪਏ, ਸਰਕਾਰੀ ਕਾਲਜ ਲਾਧੂਪੁਰ (ਗੁਰਦਾਸਪੁਰ) ਵਿਖੇ 200 ਮੀਟਰ ਟਰੈਕ, ਬਾਸਕਟਬਾਲ ਕੋਰਟ ਤੇ ਵਾਲੀਬਾਲ ਗਰਾਊਂਡ ਲਈ 33.11 ਲੱਖ ਰੁਪਏ, ਸਰਕਾਰੀ ਕਾਲਜ ਹੁਸਨਰ ਗਿੱਦੜਬਾਹਾ ਨੂੰ 200 ਮੀਟਰ ਟਰੈਕ ਤੇ ਵਾਲੀਬਾਲ ਗਰਾਊਂਡ ਲਈ 19.40 ਲੱਖ ਰੁਪਏ, ਐੱਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਵਾਲੀਬਾਲ ਕੋਰਟ ‘ਚ ਐੱਲ.ਈ.ਡੀ. ਫਲੱਡ ਲਾਈਟਾਂ ਅਤੇ ਸਟੇਡੀਅਮ ਬਲਾਕ ਤੇ ਟਰੈਕ ਲਈ 10.85 ਲੱਖ ਰੁਪਏ, ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨਤਾਰਨ ਦੇ ਬਾਸਕਟਬਾਲ ਕੋਰਟ ਲਈ 8.48 ਲੱਖ ਰੁਪਏ ਅਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਵਾਲੀਬਾਲ ਗਰਾਊਂਡ ਅਤੇ ਸਟੇਡੀਅਮ ਦੀ ਮੁਰੰਮਤ ਲਈ 29.99 ਲੱਖ ਰੁਪਏ ਮਨਜ਼ੂਰ ਕੀਤੇ ਗਏ। ਇਸ ਤਰ੍ਹਾਂ 7 ਸਰਕਾਰੀ ਕਾਲਜਾਂ ਵਿੱਚ ਖੇਡਾਂ ਲਈ ਕੁੱਲ 137 ਲੱਖ ਰੁਪਏ ਮਨਜ਼ੂਰ ਹੋਏ। ਮੀਤ ਹੇਅਰ ਨੇ ਦੱਸਿਆ ਕਿ ਇਹ ਪ੍ਰਸ਼ਾਸਕੀ ਪ੍ਰਵਾਨਗੀ ਦਿੰਦਿਆਂ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਫੰਡ ਸਿਰਫ ਜਿਸ ਕੰਮ ਲਈ ਦਿੱਤੇ ਗਏ ਹਨ, ਉਸੇ ਲਈ ਵਰਤੇ ਜਾਣ। ਇਨ੍ਹਾਂ ਸੱਤ ਕਾਲਜਾਂ ਨੂੰ ਹੁਣ ਉਚੇਰੀ ਸਿੱਖਿਆ ਮੰਤਰੀ ਵੱਲੋਂ 137 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਹੈ। ਬਾਕੀ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਲੋਕ ਨਿਰਮਾਣ ਵਿਭਾਗ ਤੋਂ ਐਸਟੀਮੇਟ ਤਿਆਰ ਕਰਵਾ ਕੇ ਭੇਜਣ ਲਈ ਆਖਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਵੀ ਖੇਡ ਮੈਦਾਨਾਂ ਦੀ ਉਸਾਰੀ ਲਈ ਰਾਸ਼ੀ ਜਾਰੀ ਕੀਤੀ ਜਾਵੇ।

Author: Malout Live

Leave a Reply

Your email address will not be published. Required fields are marked *

Back to top button