District NewsMalout News

ਪੰਜਾਬ ਦੀ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਬੀ.ਕੇ.ਯੂ ਏਕਤਾ ਉਗਰਾਹਾਂ ਕਰੇਗੀ ਤਿੰਨ ਘੰਟੇ ਲਈ ਰੇਲ ਦਾ ਚੱਕਾ ਜਾਮ- ਕੁਲਦੀਪ ਕਰਮਗੜ੍ਹ

ਮਲੋਟ: ਪੰਜਾਬ ਵਿੱਚ ਲਗਭਗ ਛੇ ਮਹੀਨੇ ਪਹਿਲਾ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸ ਰਸਤੇ ਤੇ ਚੱਲ ਰਹੀ ਹੈ ਜਿਸ ਰਸਤੇ ਤੇ ਪਿਛਲੀਆਂ ਸਰਕਾਰਾਂ ਚੱਲਦੀਆਂ ਸਨ। ਲੋਕ ਆਪਣੇ ਮਸਲੇ ਹੱਲ ਕਰਵਾਉਣ ਦੇ ਲਈ ਸੜਕਾਂ ਤੇ ਉੱਤਰੇ ਹੋਏ ਹਨ। ਪਰ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ। ਇਸ ਕਰਕੇ ਕੁੰਭਕਰਨੀ ਸੁੱਤੀ ਹੋਈ ਮਾਨ ਸਰਕਾਰ ਨੂੰ ਜਗਾਉਣ ਦੇ ਲਈ ਕੱਲ੍ਹ 22 ਸਤੰਬਰ ਨੂੰ 12 ਵਜੇਂ ਤੋਂ ਲੈ ਕੇ ਤਿੰਨ ਵਜੇ ਤੱਕ ਤਿੰਨ ਘੰਟੇ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਰੇਲਾਂ ਦਾ ਚੱਕਾ ਜਾਮ ਕਰੇਗੀ। ਇਸ ਬਾਬਤ ਹੋਰ ਜਾਣਕਾਰੀ ਦਿੰਦੇ ਹੋਏ ਬਲਾਕ ਮਲੋਟ ਦੇ ਆਗੂ ਕੁਲਦੀਪ ਸਿੰਘ ਕਰਮਗੜ੍ਹ ਨੇ ਦੱਸਿਆ ਕਿ ਮਾਨ ਸਰਕਾਰ ਕਿਸੇ ਵੀ ਮਸਲੇ ਨੂੰ ਲੈ ਕੇ ਗੰਭੀਰ ਨਹੀ ਹੈ। ਅਫਸਰਸ਼ਾਹੀ ਬੇ-ਲਗਾਮ ਹੋ ਚੁੱਕੀ ਹੈ। ਸੱਤਾ ਚ ਆਉਣ ਤੋਂ ਪਹਿਲਾ ਆਪ ਪਾਰਟੀ ਨੇ ਲੋਕਾਂ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਵਾਅਦੇ ਵਫਾ ਤਾਂ ਕੀ ਹੋਣੇ ਸਨ ਉਲਟਾ ਸਰਕਾਰ ਹੱਕੀ ਮੰਗਾਂ ਮੰਗ ਰਹੇ ਲੋਕਾਂ ਤੇ ਡਾਂਗਾ ਵਰਸਾਉਂਦੀ ਹੈ। ਵੱਖ-ਵੱਖ ਕਿਸਾਨ ਜੱਥੇਬੰਦੀਆਂ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਸਰਕਾਰ ਅਤੇ ਅਫਸਰਸ਼ਾਹੀ ਤੇ ਕਿਸੇ ਮਸਲੇ ਪ੍ਰਤੀ ਸੰਜੀਦਤਾ ਨਹੀ ਦਿਸਦੀ। ਇਸ ਕਰਕੇ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਦੇ ਲਈ ਬੀ.ਕੇ.ਯੂ ਏਕਤਾ ਉਗਰਾਹਾਂ ਵੱਲੋਂ ਕੱਲ ਨੂੰ ਪੰਜਾਬ ਅੰਦਰ ਤਿੰਨ ਘੰਟੇ ਲਈ ਰੇਲਾਂ ਰੋਕਣ ਦਾ ਫੈਂਸਲਾ ਕੀਤਾ ਗਿਆ। ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਚਾਰਾਂ ਬਲਾਕਾਂ ਲੰਬੀ, ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵੱਲੋਂ ਕੱਲ੍ਹ ਨੂੰ ਗਿੱਦੜਬਾਹਾ ਵਿਖੇ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ। ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਕਿਸਾਨ ਆਗੂਆਂ ਵੱਲੋਂ ਅਪੀਲ ਕੀਤੀ ਗਈ।

Author: Malout Live

Leave a Reply

Your email address will not be published.

Back to top button