Foods

ਚਟਣੀ ਅਤੇ ਪੰਜਾਬੀਆਂ ਦਾ ਪੁਰਾਣਾ ਖਾਣਾ-ਦਾਣਾ

ਅਲੱਗ-ਅਲੱਗ ਚਟਣੀਆਂ ਦੇ ਕੀ ਫਾਇਦੇ ਹਨ- ਆਓ ਜਾਣੀਏ

ਚਟਣੀ ਪੰਜਾਬੀ ਸਦੀਆਂ ਤੋਂ ਹੀ ਖਾਂਦੇ ਆ ਰਹੇ ਹਨ । 1980 ਤੋਂ ਪਹਿਲਾਂ ਹਰ ਘਰ ਚ ਸਵੇਰੇ ਚਟਣੀ ਰਗੜੀ ਜਾਂਦੀ ਸੀ । ਭਾਵੇਂ ਖਾਣਾ ਔਰਤਾਂ ਹੀ ਪਕਾਉਂਦੀਆਂ ਸੀ ਪਰ ਚਟਣੀ ਮਰਦ ਹੀ ਰਗੜਦੇ ਸੀ। ਇਹ ਹਰ ਰੁੱਤ ਚ ਅਲੱਗ ਤਰ੍ਹਾਂ ਦੀ ਹੁੰਦੀ ਸੀ।
ਚਟਣੀਆਂ ਚ ਲਾਲ ਮਿਰਚ ਦੀ ਚਟਣੀ ਅਤੇ ਗੰਢੇ ਦੀ ਚਟਣੀ ਸਭ ਤੋਂ ਵੱਧ ਪ੍ਰਚੱਲਿਤ ਸੀ। ਉਂਜ ਗੰਢੇ ਲਸਣ ਦੀਆਂ ਭੂਕਾਂ, ਹਰੀ ਮਿਰਚ, ਚਿੱਭੜ, ਟਮਾਟਰ, ਨਿੰਬੂ, ਪੂਤਨਾ, ਮਰੂਆ, ਛੋਲੀਆ, ਕਚਨਾਰ ਦੇ ਫੁੱਲਾਂ, ਛੋਲਿਆਂ ਦੀਆਂ ਕਰੂੰਬਲਾਂ, ਕੱਚੀ ਅੰਬੀ, ਹਰੇ ਔਲੇ ਆਦਿ ਦੀਆਂ ਅਨੇਕਾਂ ਹੀ ਚਟਣੀਆਂ ਸੀ।
ਹਰ ਚਟਣੀ ਚ ਹਮੇਸ਼ਾ ਡਲੇ ਦਾ ਨਮਕ ਜਾਂ ਪਾਕਿਸਤਾਨੀ ਲੂਣ ਹੀ ਹੁੰਦਾ ਸੀ ਤੇ ਮਿਰਚ ਵੀ ਦੇਸੀ ਤੇ ਘਰਦੀ ਹੁੰਦੀ ਸੀ। ਚਟਣੀ ਹਮੇਸ਼ਾ ਕੂੰਡੇ ਚ ਕੁੱਟੀ ਜਾਂਦੀ ਸੀ ਤੇ ਨਿੰਮ ਦੇ ਘੋਟਣੇ ਨਾਲ ਰਗੜੀ ਜਾਂਦੀ ਸੀ। ਇਹ ਚਟਣੀ ਵਾਲਾ ਕੂੰਡਾ ਚੁੱਲ੍ਹੇ ਦੇ ਨੇੜੇ ਹੀ ਥਾਲ ਨਾਲ ਢਕਕੇ ਪਿਆ ਰਹਿੰਦਾ ਸੀ। ਇਹ ਸਭ ਚਟਣੀਆਂ ਖਾਣੇ ਦਾ ਸੁਆਦ ਵਧਾਉਣ, ਭੁੱਖ ਵਧਾਉਣ ਅਤੇ ਖਾਣਾ ਚੰਗੀ ਤਰ੍ਹਾਂ ਹਜ਼ਮ ਕਰਨ ਦੇ ਨਾਲ ਨਾਲ ਦਵਾਈ ਵਾਂਗ ਵੀ ਕੰਮ ਕਰਦੀਆਂ ਸੀ। ਹਰ ਚਟਣੀ ਦਾ ਅਲੱਗ ਫਾਇਦਾ ਸੀ।


ਲਾਲ ਮਿਰਚ ਦੀ ਚਟਣੀ ਸਰੀਰ ਦਰਦ, ਜੋੜ ਦਰਦ ਆਦਿ ਤੋਂ ਲਾਭਦਾਇਕ ਸੀ। ਹਰੀ ਮਿਰਚ ਦੀ ਚਟਣੀ ਭੁੱਖ ਵਧਾਉਣ ਵਾਲੀ ਸੀ। ਗੰਢੇ ਦੀ ਚਟਣੀ ਗਲਾ ਖਰਾਬੀ, ਜ਼ੁਕਾਮ, ਰੇਸ਼ਾ ਤੋਂ ਚੰਗੀ ਸੀ। ਲਸਣ ਦੀਆਂ ਭੂਕਾਂ ਦੀ ਚਟਣੀ ਕੋਲੈਸਟਰੋਲ ਤੋਂ ਚੰਗੀ ਸੀ। ਗੰਢੇ ਦੀਆਂ ਭੂਕਾਂ ਦੀ ਚਟਣੀ ਕਮਜ਼ੋਰ ਨਜ਼ਰ ਤੋਂ ਚੰਗੀ ਸੀ।  ਮਰੂਏ ਦੀ ਚਟਣੀ ਬੀਪੀ ਵਧਣ ਘਟਣ ਤੋਂ ਚੰਗੀ ਸੀ। ਪੂਤਨੇ ਦੀ ਚਟਣੀ ਜਿਗਰ ਰੋਗਾਂ ਤੋਂ, ਨਿੰਬੂ ਦੀ ਬਦਹਜ਼ਮੀ ਤੋਂ, ਕਚਨਾਰ ਫੁੱਲਾਂ ਦੀ ਚਟਣੀ ਹਾਰਮੋਨਜ਼ ਸੰਬੰਧੀ ਨੁਕਸਾਂ ਤੋਂ, ਕੱਚੀ ਅੰਬੀ ਦੀ ਚਟਣੀ ਖੁਰਾਕ ਨਾਂ ਲੱਗਣ ਤੋਂ, ਹਰੇ ਔਲੇ ਦੀ ਚਟਣੀ ਪਿਸ਼ਾਬ ਲੱਗਕੇ ਆਉਣ ਤੋਂ, ਗਰਮਾਇਸ਼ ਤੋਂ ਚੰਗੀ ਸੀ।
ਇਵੇਂ ਹੀ ਟਮਾਟਰ ਦੀ ਚਟਣੀ ਭੁੱਖ ਘੱਟ ਲੱਗਣ ਤੋਂ ਅਤੇ ਬਦਹਜ਼ਮੀ ਤੋਂ ਲਾਭਦਾ ਸੀ। ਹਰੇ ਧਣੀਏ ਤੇ ਹਰੀ ਮਿਰਚ ਦੀ ਚਟਣੀ ਵਾਲ ਝੜਨ, ਕਮਜ਼ੋਰ ਯਾਦਾਸ਼ਤ, ਕਮਜ਼ੋਰ ਨਜ਼ਰ ਅਤੇ ਇਮਿਉਨਿਟੀ ਵਧਾਉਣ ਲਈ ਫਾਇਦੇਮੰਦ ਸੀ। ਹਰੇ ਛੋਲਿਆਂ, ਹਰੇ ਮਟਰਾਂ ਜਾਂ ਛੋਲਿਆਂ ਦੇ ਨਾਜ਼ੁਕ ਪੱਤਿਆਂ ਦੀ ਚਟਣੀ ਚਮੜੀ, ਵਾਲਾਂ, ਅੱਖਾਂ, ਨੱਕ, ਕੰਨ ਅਤੇ ਗਲੇ ਰੋਗਾਂ ਤੋਂ ਫਾਇਦੇਮੰਦ ਸੀ।
ਪੇਂਡੂ ਕਿਸਾਨ ਪਰਿਵਾਰਾਂ ਵਿੱਚ ਤਾਂ ਹਰ ਇੱਕ ਨੂੰ ਹੀ ਖਾਣੇ ਨਾਲ ਚਟਣੀ, ਅਚਾਰ, ਦਹੀਂ, ਲੱਸੀ ਤੇ ਮੱਖਣ ਵੀ ਜ਼ਰੂਰ ਮਿਲਦਾ ਸੀ। ਘਰ ਦੀਆਂ ਵੱਡੀਆਂ ਬੇਬੇਆਂ ਅਚਾਰ ਬਹੁਤ ਕਮਾਲ ਦਾ ਬਣਾਉਂਦੀਆਂ ਸੀ ਜੋ ਕਦੇ ਖਰਾਬ ਨਹੀਂ ਹੁੰਦਾ ਸੀ ਤੇ ਉਹ ਕਿਸੇ ਘੜੇ ਚ ਹੀ ਹੁੰਦਾ ਸੀ।  ਕੁੱਝ ਤਾਂ ਖਾਣੇ ਬਾਅਦ ਥੋੜ੍ਹਾ ਗੁੜ ਵੀ ਖਾਂਦੇ ਸੀ। ਜਾਂ ਜੇ ਕੋਈ ਫਲ ਫਰੂਟ ਜਾਂ ਖੱਖੜੀ, ਫੁੱਟ ਆਦਿ ਹੁੰਦੇ ਸੀ ਤਾਂ ਉਹ ਵੀ ਧੋਕੇ ਇੱਕ ਦੋ ਫਾੜੀਆਂ ਵੰਡੇ ਆਉਂਦੀਆਂ ਸਭ ਨੂੰ ਥਾਲੀ ਵਿੱਚ ਹੀ ਰੱਖ ਦਿੱਤੀਆਂ ਜਾਂਦੀਆਂ ਸੀ। ਕੁੱਝ ਨੌਜਵਾਨ ਖਾਣੇ ਦੀ ਅਖੀਰਲੀ ਰੋਟੀ ਸ਼ੱਕਰ ਘਿਉ ਨਾਲ ਖਾਂਦੇ ਸੀ। ਉਦੋਂ ਰੋਟੀਆਂ ਵੀ ਵੱਡੀਆਂ ਸੀ ਤੇ ਖਾਧੀਆਂ ਵੀ ਵੱਧ ਜਾਂਦੀਆਂ ਸੀ ਤੇ ਖਾਣੇ ਚ ਵਰਾਇਟੀ ਜ਼ਿਆਦਾ ਹੁੰਦੀ ਸੀ। ਇਸੇ ਕਰਕੇ ਉਹ ਅੱਜ ਵਾਂਗ ਛੋਟੀਆਂ ਪਲੇਟਾਂ ਚ ਜਾਂ ਕੌਲੀਆਂ ਚ ਨਹੀਂ ਖਾਂਦੇ ਸੀ। ਉਹਨਾਂ ਦੇ ਥਾਲ ਅੱਜ ਦੀ ਵੱਡੀ ਟਰੇਅ ਜਿੱਡੇ ਹੁੰਦੇ ਸੀ। ਸਬਜ਼ੀ ਜਾਂ ਦਹੀਂ ਕੌਲਿਆਂ, ਬਾਟੀਆਂ, ਛੰਨਿਆਂ ਜਾਂ ਕਟੋਰਿਆਂ ਚ ਖਾਂਦੇ ਸੀ। ਗਿਲਾਸ ਵੀ ਵੱਡੇ ਹੁੰਦੇ ਸੀ ਤੇ ਰੋਟੀਆਂ ਵੀ ਅੱਜ ਦੀ ਪਲੇ ਜਿੱਡੀਆਂ ਕਾਫੀ ਮੋਟੀਆਂ, ਭਾਰੀਆਂ ਤੇ ਮੋਟੇ ਆਟੇ ਦੀਆਂ ਹੀ ਹੁੰਦੀਆਂ ਸੀ। ਸਦੀਆਂ ਤੋਂ ਹੀ ਪੇਂਡੂ ਘਰਾਂ ਚ ਰਸੋਈ ਦੀ ਥਾਂ ਚੁੱਲਾ ਚੌਂਕਾ ਹੋਇਆ ਕਰਦਾ ਸੀ। ਇਹ ਚੌਂਤਰਾ ਬੜਾ ਹੀ ਸਾਫ਼ ਸੁਥਰਾ ਤੇ ਬੜੇ ਹੀ ਸੁਚੱਜੇ ਢੰਗ ਨਾਲ ਬਣਾਇਆ ਤੇ ਸਜਾਇਆ ਜਾਂਦਾ ਸੀ। ਸਭ ਦਾ ਚੁੱਲ੍ਹਾ ਚੌਂਕਾ ਇੱਕੋ ਜਿਹਾ ਹੀ ਹੁੰਦਾ ਸੀ। ਇਹ ਇੱਕ ਛੋਟੀ ਕੰਧੋਲੀ ਨਾਲ ਵਰਗਲਿਆ ਹੁੰਦਾ ਸੀ ਜੋ ਕਿ ਬੜੇ ਹੀ ਸੋਹਣੇ ਦੇਸੀ ਤਰੀਕੇ ਨਾਲ ਬਣਾਈ ਹੋਈ ਹੁੰਦੀ ਸੀ। ਇਸ ਵਿੱਚ ਇੱਕ ਪਾਸੇ ਰਸਤਾ ਰੱਖਿਆ ਹੁੰਦਾ ਸੀ। ਇਸ ਚੌਂਤਰੇ ਤੇ ਇੱਕ ਪਾਸੇ ਹਾਰਾ ਜਾਂ ਹਾਰੀ ਹੁੰਦੀ ਸੀ ਜਿਸਤੇ ਛੱਤ ਪਾਈ ਹੁੰਦੀ ਸੀ। ਇਸ ਵਿੱਚ ਦੋ ਹਾਰੇ ਹੁੰਦੇ ਸੀ। ਇੱਕ ਵਿੱਚ ਦੁੱਧ ਕਾੜਿਆ ਜਾਂਦਾ ਸੀ ਤੇ ਇੱਕ ਵਿੱਚ ਰੋਜ਼ਾਨਾ ਦਾਲ ਬਣਦੀ ਸੀ।
ਵੈਸੇ ਇੱਕ ਹਾਰੀ ਚੱਕਵੀਂ ਵੀ ਹੁੰਦੀ ਸੀ। ਇਹ ਆਮ ਤੌਰ ਤੇ ਚੁੱਲੇ ਦੇ ਨੇੜੇ ਹੀ ਪਈ ਰਹਿੰਦੀ ਸੀ। ਚੌਂਤਰੇ ਦੇ ਇੱਕ ਨੁੱਕਰੇ ਤੰਦੂਰ ਵੀ ਹੁੰਦਾ ਸੀ। ਤੰਦੂਰ ਦੀ ਰੋਟੀ ਸਿੱਧੇ ਸੇਕ ਤੇ ਬਣਨ ਕਾਰਨ ਜ਼ਿਆਦਾ ਪੌਸ਼ਟਿਕ ਤੇ ਸੁਆਦੀ ਹੁੰਦੀ ਸੀ। ਹਰ ਘਰ ਦੇ ਦੋ ਤਿੰਨ ਕੱਚੇ ਚੁੱਲੇ ਹੁੰਦੇ ਸੀ ਤੇ ਇਕ ਚੁਰ ਹੁੰਦੀ ਸੀ। ਇੱਕ ਦੋ ਚੱਕਵੇਂ ਚੁੱਲ੍ਹੇ ਵੀ ਹੁੰਦੇ ਸੀ। ਇਕ ਮੁੱਖ-ਚੁੱਲੇ ਨਾਲ ਗੱਡਾ-ਤੌੜਾ ਹੁੰਦਾ ਸੀ। ਇਸ ਚ ਨਾਲੋ ਨਾਲ ਪਾਣੀ ਗਰਮ ਹੁੰਦਾ ਰਹਿੰਦਾ ਸੀ। ਇਹ ਪਾਣੀ ਨਹਾਉਣ ਧੋਣ ਦੇ ਹੀ ਕੰਮ ਆਉਂਦਾ ਸੀ।  ਸਭ ਚੁੱਲੇ, ਹਾਰੇ, ਤੰਦੂਰ ਆਦਿ ਮਿੱਟੀ ਦੇ ਬੜੇ ਹੀ ਸੋਹਣੇ ਬਣੇ ਹੁੰਦੇ ਸੀ ਤੇ ਸਭ ਹਾਰੇ ਹਾਰੀਆਂ ਤੇ ਸੁਰਾਖ਼ਦਾਰ ਬਠਲੀਆਂ ਵੀ ਹੁੰਦੀਆਂ ਸੀ। ਸਾਰੇ ਚੌਂਤਰੇ ਨੂੰ ਬਹੁਤ ਸੋਹਣੀ ਤਰ੍ਹਾਂ ਲਿੱਪਿਆ ਪੋਚਿਆ ਹੁੰਦਾ ਸੀ। ਖਾਣਾ ਸਿਰਫ ਸਵੇਰੇ ਸ਼ਾਮ ਬਣਦਾ ਸੀ। ਜੇ ਕਿਸੇ ਨੂੰ ਦੁਪਹਿਰੇ ਭੁੱਖ ਲਗਦੀ ਸੀ ਤਾਂ ਸਵੇਰ ਵਾਲੀ ਰੋਟੀ, ਸਬਜ਼ੀ ਦੁਬਾਰਾ ਗਰਮ ਕਰਕੇ ਨਹੀਂ ਦਿੱਤੀ ਜਾਂਦੀ ਸੀ। ਸਰਦੀਆਂ ਚ ਸਭ ਜਣੇ ਚੁੱਲੇ ਮੂਹਰੇ ਬੈਠਕੇ ਅੱਗ ਸੇਕਦਿਆਂ ਤੇ ਅੱਗ ਡਾਹੁੰਦਿਆਂ ਖਾਣਾ ਖਾਂਦੇ ਸੀ। ਗਰਮੀਆਂ ਚ ਚੁੱਲੇ ਤੋਂ ਥੋੜ੍ਹਾ ਵਿੱਥ ਤੇ ਕੋਈ ਮੰਜੇ ਤੇ ਬੈਠਕੇ ਕੋਈ ਭੁੰਜੇ ਅਤੇ ਕੋਈ ਪੀਹੜੀ ਤੇ ਬੈਠਕੇ ਖਾਂਦਾ ਸੀ। ਸਬਜ਼ੀ ਖੁੱਲੀ ਬਣਾਈ ਜਾਂਦੀ ਸੀ ਕਿਉਂਕਿ ਕਾਫ਼ੀ ਜਣੇ ਖਾਣੇ ਤੋਂ ਪਹਿਲਾਂ ਹੀ ਇੱਕ ਇੱਕ ਕੌਲੀ ਸਬਜ਼ੀ ਖਾਂਦੇ ਸੀ। ਬੱਚੇ ਵੀ ਚੁੱਲੇ ਚ ਆਲੂ ਜਾਂ ਸ਼ਕਰਕੰਦੀ ਭੁੰਨਕੇ ਖਾਂਦੇ ਸੀ।

Back to top button