District News

ਗਰਭਵਤੀ ਔਰਤਾਂ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ – ਡਾ. ਜਤਿੰਦਰ ਪਾਲ ਸਿੰਘ

ਮਲੋਟ:- ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੇਡੀਕਲ ਅਫਸਰ ਡਾ. ਸੁਨੀਲ ਕੁਮਾਰ ਬਾਂਸਲ ਦੀ ਅਗਵਾਈ ਵਿੱਚ ਬਲਾਕ ਵਿਖੇ ਵੱਖ-ਵੱਖ ਸਿਹਤ ਕੇਂਦਰਾਂ ਤੇ ਅੱਜ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਟੀਕਾਕਰਣ ਕੈਂਪ ਲਗਾਏ ਗਏ।  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਜੱਚਾ-ਬੱਚਾ ਸਿਹਤ ਪ੍ਰੋਗਰਾਮ ਤਹਿਤ ਹਰ ਹਫ਼ਤੇ ਟੀਕਾਕਰਣ ਕੈਂਪ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਣ ਦੇ ਨਾਲ-ਨਾਲ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ,  ਸਿਹਤ ਯੋਜਨਾਵਾਂ ਅਤੇ ਮੌਸਮੀ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ ਆਦਿ ਦੇ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਸਿਹਤ ਕਰਮੀਆਂ ਵੱਲੋਂ ਕੋਰੋਨਾ ਵੈਕਸੀਨੇਸ਼ਨ  ਦੇ ਨਾਲ ਹੀ ਹੋਰ ਸਿਹਤ ਪ੍ਰੋਗਰਾਮਾਂ ਤੇ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ,  ਉਨ੍ਹਾਂ ਦੀ ਪੂਰੀ ਜਾਂਚ, ਜਣੇਪੇ ਦੀ ਤਿਆਰੀ ਦੇ ਬਾਰੇ ਵਿੱਚ ਜਾਣਕਾਰੀ ਦੇਣੀ, ਜਣੇਪੇ ਦੇ ਬਾਅਦ ਜੱਚਾ-ਬੱਚਾ ਨੂੰ ਸਿਹਤ ਸੇਵਾਵਾਂ ਦੇਣੀਆਂ, ਬੱਚਿਆਂ ਨੂੰ 9 ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਣ ਕਰਣਾ ਆਦਿ ਕੰਮ ਫੀਲਡ ਸਟਾਫ ਵੱਲੋਂ ਬਖੂਬੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਬਲਾਕ ਅਧਿਕਾਰੀਆਂ ਵੱਲੋਂ  ਸਮੇਂ-ਸਮੇਂ ਤੇ ਇਹਨਾਂ ਕੈਂਪਾਂ ਦੀ ਵਿਜ਼ਿਟ ਕਰਕੇ ਸੁਪਰਵੀਜ਼ਨ ਕੀਤੀ ਜਾਂਦੀ ਹੈ। ਮੈਡੀਕਲ ਅਫਸਰ ਡਾ. ਜਤਿੰਦਰ ਪਾਲ ਸਿੰਘ ਵੱਲੋਂ ਪਿੰਡ ਨੰਦਗੜ ਦੇ ਸਿਹਤ ਕੇਂਦਰ ਤੇ ਆਯੋਜਿਤ ਕੈਂਪ ਦੀ ਵਿਜ਼ਿਟ ਦੌਰਾਨ ਉੱਥੇ ਮੌਜੂਦ ਔਰਤਾਂ ਨੂੰ ਪੌਸ਼ਟਿਕ ਖੁਰਾਕ ਅਤੇ ਸਮੇਂ-ਸਮੇਂ ਤੇ ਕੀਤੀ ਜਾਣ ਵਾਲੀ ਸਿਹਤ ਜਾਂਚ ਦੇ ਮਹੱਤਵ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਜਾਂਚ ਕਰਕੇ ਹੀ ਗਰਭ ਅਵਸਥਾ ਦੌਰਾਨ ਆਉਣ ਵਾਲੀ ਮੁਸ਼ਕਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ।  ਹਾਈ ਰਿਸਕ ਪ੍ਰੇਗਨੇਂਸੀ ਦੀ ਪਹਿਚਾਣ ਕਰਕੇ ਹੀ ਉਨ੍ਹਾਂ ਨੂੰ ਉਚਿੱਤ ਇਲਾਜ ਉਪਲੱਬਧ ਕਰਵਾਇਆ ਜਾਂਦਾ ਹੈ ਜੋ ਕਿ ਗਰਭਵਤੀ ਔਰਤ ਅਤੇ ਕੁੱਖ ਵਿੱਚ ਪਲ ਰਹੇ ਬੱਚੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡਿਲੀਵਰੀ ਲਈ ਮੁਕੱਮਲ ਪ੍ਰਬੰਧ ਮੌਜੂਦ ਹਨ। ਗਰਭਵਤੀ ਔਰਤਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀ ਜਾ ਰਹੀ ਸਹੂਲਤਾਂ ਦਾ ਲਾਭ ਲੈਣ ਅਤੇ ਡਿਲੀਵਰੀ ਸਰਕਾਰੀ ਸੰਸਥਾਵਾਂ ਵਿੱਚ ਕਰਵਾਉਣ ਨੂੰ ਤਰਜੀਹ ਦੇਣ। ਇਸਦੇ ਨਾਲ ਹੀ ਫੀਲਡ ਸਟਾਫ ਵੱਲੋਂ ਲੋਕਾਂ ਨੂੰ ਮੌਸਮੀ ਬਿਮਾਰੀਆਂ ਜਿਵੇਂ ਡੇਂਗੂ ਆਦਿ ਤੋਂ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਐੱਸ.ਆਈ ਪਰਮਜੀਤ ਸਿੰਘ, ਸੀ.ਐੱਚ.ਓ ਸੁਖਦੀਪ ਕੌਰ, ਏ.ਐਨ.ਐਮ ਵਰਿੰਦਰਪਾਲ ਕੌਰ,  ਆਸ਼ਾ ਸੁਪਰਵਾਇਜ਼ਰ ਗੁਰਮੀਤ ਕੌਰ,  ਆਸ਼ਾ ਵਰਕਰ ਅਤੇ ਔਰਤਾਂ ਮੌਜੂਦ ਸਨ ।

Back to top button
error: Content is protected by Malout Live !!
Close
Close
WhatsApp Any Help Whatsapp