News Today :
Home / Malout News / ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

– ਆਸਰਾ ਚੈਰੀਟੇਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੇਤੀ ਮਹਿਕਮੇ ਨੇ ਕੀਤਾ ਆਯੋਜਨ
ਸ੍ਰੀ ਮੁਕਤਸਰ ਸਾਹਿਬ, ਝੋਨੇ ਦੀ ਪਰਾਲੀ ਦਾ ਬਿਨਾਂ ਅੱਗ ਲਗਾਏ ਪ੍ਰਬੰਧਨ ਸੰਭਵ ਹੈ, ਬਸ ਇਸ ਲਈ ਦ੍ਰਿੜ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਉਸ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਨਾ ਹੈ ਜਿਸ ਵਿਚ ਅਸੀਂ ਖੁਦ ਸਾਹ ਲੈਣਾ ਹੈ। ਇੰਨਾਂ ਗੱਲਾਂ ਦਾ ਪ੍ਰਗਟਾਵਾ ਗਿੱਦੜਬਾਹਾ ਦੇ ਐਸ.ਡੀ.ਐਮ. ਸ੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਅੱਜ ਪਿੰਡ ਧੂਲਕੋਟ ਵਿਖੇ ਆਸਰਾ ਚੈਰੀਟੇਬਲ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਆਯੋਜਿਤ ਇਕ ਖੇਤ ਦਿਵਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ। ਉਨਾਂ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਲਈ ਕੁਝ ਵੀ ਅਸੰਭਵ ਨਹੀਂ ਹੈ ਅਤੇ ਪਰਾਲੀ ਨੂੰ ਜੇਕਰ ਸਾੜਨ ਦੀ ਬਜਾਏ ਇਸ ਨੂੰ ਖੇਤ ਵਿਚ ਹੀ ਮਿਲਾ ਦਿੱਤਾ ਜਾਵੇ ਤਾਂ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੱਧਦੀ ਹੈ। ਜਦ ਕਿ ਜੇਕਰ ਅਸੀਂ ਪਰਾਲੀ ਨੂੰ ਸਾੜਦੇ ਹਾਂ ਤਾਂ ਇਸ ਨਾਲ ਖੇਤ ਦੇ ਖੁਰਾਕੀ ਤੱਕ ਨਸ਼ਟ ਹੋ ਜਾਂਦੇ ਹਨ ਅਤੇ ਲੰਬੇ ਸਮੇਂ ਵਿਚ ਸਾਡੇ ਖੇਤਾਂ ਦੀ ਉਪਜਾਊ ਸ਼ਕਤੀ ਘਟਨ ਲੱਗਦੀ ਹੈ। ਉਨਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਸਖ਼ਤ ਹਦਾਇਤਾਂ ਹਨ। 
ਇਸ ਤੋਂ ਪਹਿਲਾਂ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਆਧੁਨਿਕ ਖੇਤੀ ਸੰਦਾ ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨਾਂ ਦੀਆਂ ਖੇਤੀ ਸਹਿਕਾਰੀ ਸਭਾਵਾਂ ਵਿਚ ਵੀ ਖੇਤੀ ਸੰਦ ਬੈਂਕ ਬਣਾਏ ਜਾਣ ਦਾ ਫੈਸਲਾ ਸਰਕਾਰ ਨੇ ਕੀਤਾ ਹੈ। 
ਇਸ ਮੌਕੇ ਖੇਤੀ ਮਾਹਿਰਾਂ ਨੇ ਕਿਸਾਨਾਂ  ਨੂੰ ਬੀਜ ਦੀ ਸੰਭਾਲ, ਅਗਲੀ ਫਸਲ ਵਿਚ ਬੀਜ ਦੀ ਸੋਧ, ਮਿੱਟੀ ਪਰਖ਼ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਪਰਾਲੀ ਪ੍ਰਬੰਧਨ ਵਾਲੀਆਂ ਵੱਖ ਵੱਖ ਮਸੀਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਆਸਰਾ ਫਾਊੲਡੇਸ਼ਨ ਦੇ ਪ੍ਰਧਾਨ ਸ: ਜਸਪ੍ਰੀਤ ਸਿੰਘ ਭਲਾਈਆਣਾ ਨੇ ਸਭ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਇਸ ਖੇਤ ਦਿਵਸ ਵਿਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਆਪਣੇ ਵਾਤਾਵਰਨ ਦੀ ਸੰਭਾਲ ਲਈ ਸਵੈਇੱਛੁਕ ਤੌਰ ਤੇ ਹੀ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਭਗਤ ਧੰਨਾ ਜੀ ਕਿਸਾਨ ਭਲਾਈ ਕਲੱਬ ਅਤੇ ਜਨ ਸ਼ਕਤੀ ਕਲੱਬ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ। 

Comments

comments

Scroll To Top

Facebook

Get the Facebook Likebox Slider Pro for WordPress