Home / Malout News / ਬਿਜਲੀ ਦੀ ਦੁਕਾਨ ‘ਚ ਲੱਗੀ ਭਿਅੰਕਰ ਅੱਗ ਨਾਲ ਕਰੋੜਾਂ ਦੇ ਨੁਕਸਾਨ ਦਾ ਖਦਸ਼ਾ

ਬਿਜਲੀ ਦੀ ਦੁਕਾਨ ‘ਚ ਲੱਗੀ ਭਿਅੰਕਰ ਅੱਗ ਨਾਲ ਕਰੋੜਾਂ ਦੇ ਨੁਕਸਾਨ ਦਾ ਖਦਸ਼ਾ

ਮਲੋਟ, 05 ਅਗਸਤ (ਹਰਪਰੀਤ ਸਿੰਘ ਹੈਪੀ) : ਮਲੋਟ ਸ਼ਹਿਰ ਦੇ ਸੱਭ ਤੋਂ ਭੀੜ ਭਾੜ ਵਾਲੇ ਮੇਨ ਬਜਾਰ ਦੇ ਮੁੱਖ ਚੌਰਸਤੇ ਗਾਂਧੀ ਚੌਂਕ ਤੇ ਸਥਿਤ ਇਕ ਬਿਜਲੀ ਦੀ ਦੁਕਾਨ ਨੂੰ ਅੱਜ ਸਵੇਰ ਲੱਗੀ ਭਿਅੰਕਰ ਅੱਗ ਕਾਰਨ ਪੂਰੇ ਬਜਾਰ ਅੰਦਰ ਅਫਰਾ ਤਫਰੀ ਮੱਚ ਗਈ । ਅੱਗ ਨੇ ਦੇਖਦਿਆਂ ਹੀ ਤਿੰਨ ਮੰਜਿਲਾ ਦੁਕਾਨ ਨੂੰ ਪੂਰੀ ਤਰਾਂ ਆਪਣੀ ਲਪੇਟ ਵਿਚ ਲੈ ਲਿਆ ਤੇ ਨਿਕਲਦੇ ਭਾਂਬੜਾਂ ਨੇ ਆਸਪਾਸ ਦੀਆਂ ਦੁਕਾਨਾਂ ਨੂੰ ਵੀ ਨਹੀ ਬਖਸ਼ਿਆ । ਅੱਗ ਦੇ ਭਿਅੰਕਰ ਰੂਪ ਦਾ ਇਸ ਗੱਲ ਤੋਂ ਵੀ ਅੰਦਾਜਾ ਲੱਗਦਾ ਹੈ ਕਿ ਇਕੱਲੇ ਮਲੋਟ ਹੀ ਨਹੀ ਬਲਕਿ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੂੰ ਅੱਗ ਬੁਝਾਉਣ ਲਈ ਕਰੀਬ 4-5 ਘੰਟੇ ਪੂਰੀ ਮੁਸ਼ੱਕਤ ਕਰਨੀ ਪਈ ਜਿਸ ਉਪਰੰਤ ਵੀ ਅਚਾਨਕ ਕਿਧਰੇ ਨਾ ਕਿਧਰੇ ਕੋਈ ਲਾਟ ਭੜਕ ਪੈਂਦੀ ਸੀ । ਮੌਕੇ ਤੋਂ  ਇਕੱਤਰ ਕੀਤੀ ਜਾਣਕਾਰੀ ਅਤੇ ਅੱਗ ਦੇ ਮੁੱਖ ਸ਼ਿਕਾਰ ਦਿਲੀ ਇਲੈਕਟ੍ਰੈਨਾਕਿਸ ਦੁਕਾਨ ਦੇ ਮਾਲਕ ਅਨੁਸਾਰ ਜਦ ਉਸਨੇ ਸਵੇਰੇ ਕਰੀਬ 8.30 ਵਜੇ ਸ਼ਟਰ ਚੁੱਕਿਆ ਤਾਂ ਅੰਦਰ ਧੂੰਆ ਧੁਖ ਰਿਹਾ ਸੀ ਪਰ

ਸ਼ਟਰ ਚੁਕਦਿਆਂ ਹੀ ਹਵਾ ਲੱਗਣ ਦੀ ਦੇਰ ਸੀ ਕਿ ਧੂੰਆ ਅੱਗ ਦੀਆਂ ਲਪਟਾਂ ਵਿਚ ਬਦਲ ਗਿਆ । ਆਸ ਪਾਸ ਦੇ ਦੁਕਾਨਦਾਰਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਾਵੇਂ ਆਪਣੇ ਤਹਿ ਸਮੇਂ ਅੰਦਰ ਪੁੱਜ ਗਈਆਂ ਪਰ ਤਦ ਤਕ ਅੱਗ ਦੀਆਂ ਲਪਟਾਂ ਦੁਕਾਨ ਦੀਆਂ ਤਿੰਨਾ ਮੰਜਿਲਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੀਆਂ ਸਨ । ਸ਼ੋਸ਼ਲ ਮੀਡੀਆ ਤੇ ਅੱਗ ਦੀ ਖਬਰ ਫੈਲਦਿਆਂ ਹੀ ਵੱਡੀ ਗਿਣਤੀ ਸ਼ਹਿਰ ਵਾਸੀ ਘਟਨਾ ਸਥੱਲ ਤੇ ਪੁੱਜ ਗਏ ਜਿਸ ਉਪਰੰਤ ਮਲੋਟ ਪੁਲਿਸ ਦੇ ਐਸਪੀ ਦਵਿੰਦਰ ਸਿੰਘ ਬਰਾੜ, ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਭੰਡਾਰੀ ਤੇ ਨਾਇਬ ਤਹਿਸੀਲਦਾਰ ਜੇਪੀ ਢਿੱਲੋਂ ਸਮੇਤ ਵੱਡੀ ਗਿਣਤੀ ਅਧਿਕਾਰੀ ਵੀ ਪੁੱਜ  ਗਏ । ਦੁਕਾਨ ਵਿਚ ਮੁੱਖ ਤੌਰ ਤੇ ਬਿਜਲੀ ਦਾ ਸਮਾਨ ਜੋ ਕਿ ਜਿਆਦਾਤਰ ਪਲਾਸਟਿਕ ਦਾ ਹੁੰਦਾ ਹੈ ਹੋਣ ਕਰਕੇ ਅੱਗ ਜਿਆਦਾ ਖਤਰਨਾਕ ਰੂਪ ਧਾਰ ਗਈ । ਮੁਢਲੀਆਂ ਚਰਚਾਵਾਂ ਅਨੁਸਾਰ ਅੱਗ ਦਾ ਕਾਰਨ ਸ਼ਾਰਟ ਸਰਕਟ ਹੀ ਨਜਰ ਆ ਰਿਹਾ ਸੀ ਪਰ ਅਧਿਕਾਰੀਆਂ ਵੱਲੋਂ ਮੁਢਲੇ ਰੂਪ ਵਿਚ ਅੱਗ ਨੂੰ  ਬੁਝਾਉਣਾ ਤੇ ਆਸਪਾਸ ਦੀਆਂ ਦੁਕਨਾਂ ਦਾ ਨੁਕਸਾਨ ਨਾ ਹੋਣ ਦੇਣਾ ਪ੍ਰਾਥਮਿਕਤਾ ਸੀ ਅਤੇ ਜਾਂਚ ਉਪਰੰਤ ਹੀ ਕਾਰਨਾਂ ਦਾ ਪਤਾ ਲੱਗਣ ਬਾਰੇ ਕਿਹਾ ਗਿਆ । ਟ੍ਰੈਫਿਕ ਪੁਲਿਸ ਵੱਲੋਂ ਘਟਨਾ ਸਥੱਲ ਦੇ ਆਸਪਾਸ ਲੋਕਾਂ ਦੀ ਭੀੜ ਨੂੰ ਕਾਬੂ ਰੱਖਣਾ ਅਤੇ ਟ੍ਰੈਫਿਕ ਵਿਵਸਥਾ ਨੂੰ ਚਾਲੂ ਰੱਖਣਾ ਚਨੌਤੀ ਬਣਿਆ ਰਿਹਾ ਪਰ ਅੰਤ ਅਧਿਕਾਰੀਆਂ ਨੂੰ ਸੂਝ ਬੂਝ ਨਾਲ ਸਾਰੀ ਸਥਿਤੀ ਨੂੰ ਕਾਬੂ ਹੇਠ ਕਰ ਲਿਆ ।

Comments

comments

Scroll To Top

Facebook

Get the Facebook Likebox Slider Pro for WordPress