Malout News

ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ – ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ:- ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਕੋਵਿਡ-19 ਸਬੰਧੀ ਜਾਗਰੂਕ ਕਰਨ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ।ਇਹ  ਜਾਣਕਾਰੀ ਦਿੰਦਿਆਂ ਡਾ ਹਰੀ ਨਰਾਇਣ ਸਿੰਘ ਸਿਵਿਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਲਾਕਡਾਊਨ ਵਿੱਚ ਢਿੱਲ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੋਰੋਨਾ ਦਾ ਖਤਰਾ ਟਲ ਗਿਆ ਹੈ। ਕਈ ਰਾਜਾਂ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਕੋਰੋਨਾ ਤੋਂ ਬਚੇ ਰਹੀਏ, ਤਾਂ ਸਾਵਧਾਨੀਆਂ ਵਰਤਣੀਆਂ ਬਹੁਤ ਜਰੂਰੀ ਹਨ । ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜਨਤਕ ਥਾਵਾਂ ਤੇ ਲੋਕਾਂ ਨੂੰ ਮਾਸਕ ਪਹਿਣਨਾ ਲਾਜਮੀ ਕੀਤਾ ਹੋਇਆ ਹੈ।
ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਸਿਹਤ ਮੰਤਰੀ ਬਲਵੀਰ ਸਿਘ ਸਿੱਧੂ ਦੁਆਰਾ ਜਾਰੀ ਨਿਰਦੇਸ਼ਾਂ ਅਨੁਸਾਰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਰ ਵਿਅਕਤੀ ਨੂੰ ਘਰ ਤੋਂ ਬਾਹਰ ਜਾਣਾ ਲੱਗਿਆਂ ਤਿੰਨ ਪਰਤਾਂ ਵਾਲੇ ਮਾਸਕ ਜਾਂ ਸੂਤੀ ਕੱਪੜੇ ਦੇ ਬਣੇ ਮਾਸਕ ਦੀ ਵਰਤੋਂ ਕਰਨੀ ਲਾਜ਼ਮੀ ਹੈ।
ਡਾ ਹਰੀ ਨਰਾਇਣ ਸਿੰਘ ਨੇ ਕਿਹਾ ਕਿ ਮਾਸਕ ਪਹਿਨਣਾ ਸਾਰਿਆਂ ਲਈ ਲਾਜ਼ਮੀ ਹੈ। ਉਹਨਾ ਕਿਹਾ ਕਿ ਪਬਲਿਕ ਥਾਵਾਂ, ਗਲੀਆਂ, ਹਸਪਤਾਲਾਂ, ਦਫਤਰਾਂ ਅਤੇ ਬਜ਼ਾਰਾਂ ਵਿੱਚ ਮਾਸਕ ਪਹਿਨਣਾ ਬਹੁਤ ਜਰੂਰੀ ਹੈ। ਲੋਕ ਆਮ ਕੱਪੜੇ ਦਾ ਬਣਿਆ ਤਿੰਨ ਪਰਤਾਂ ਦਾ ਮਾਸਕ ਵੀ ਪਹਿਣ ਸਕਦੇ ਹਨ, ਜੋ ਪੂਰੇ ਮੂੰਹ ਅਤੇ ਨੱਕ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖ ਸਕੇ।ਉਹਨਾਂ ਅੱਗੇ ਦੱਸਿਆਂ ਕਿ ਬਹੁਤੇ ਲੋਕਾਂ ਦਾ ਮੂੰਹ ਢਕਿਆ ਹੁੰਦਾ ਹੈ, ਪਰ ਨੱਕ ਨਹੀਂ। ਇਸ ਤਰ੍ਹਾ ਮਾਸਕ ਲਗਾਉਣਾ ਨਾ ਦੇ ਬਰਾਬਰ ਹੈ। ਪੂਰਾ ਦਿਨ ਮਾਸਕ ਲਗਾਉਣ ਤੋਂ ਬਾਅਦ ਉਸਨੂੰ ਧੇ ਕੇ ਅਗਲੇ ਦਿਨ ਫਿਰ ਵਰਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮਾਸਕ ਨੂੰ ਵਾਰ ਵਾਰ ਹੱਥ ਲਗਾਉਣਾ ਵੀ ਖਤਰਨਾਕ ਹੈ। ਇਹ ਵੀ ਵਾਇਰਸ ਨੂੰ ਰੋਕਦਾ ਨਹੀਂ, ਸਗੋਂ ਖਤਰਾ ਹੋਰ ਵੱਧ ਜਾਂਦਾ ਹੈ। ਜੇਕਰ ਕਿਸੇ ਸਮੇਂ ਕਿਸੇ ਕੋਲ ਮਾਸਕ ਉਪਲਬਧ ਨਹੀਂ ਹੈ, ਤਾਂ ਰੁਮਾਲ, ਦੁਪੱਟਾ, ਪਰਨਾ ਜਾਂ ਸਟੌਲ ਨਾਲ ਮੂੰਹ ਅਤੇ ਨੱਕ ਨੂੰ ਢੱਕਣ ਲਈ ਵਰਤ ਸਕਦੇ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਨੇ ਮਾਸਕ ਨਹੀਂ ਪਾਇਆ ਤਾਂ ਪ੍ਰਸ਼ਾਸਨ ਉਹਨਾਂ ਨੂੰ 500 ਰੁਪਏ, ਘਰ ਵਿੱਚ ਇਕਾਂਤਵਾਸ ਸਮੇਂ ਜੇਕਰ ਕੋਈ ਉਲੰਘਨਾ ਕਰਦਾ ਹੈ ਤਾਂ ਉਸ ਨੂੰ 2000 ਰੁਪਏ ਅਤੇ ਜੇਕਰ ਕੋਈ ਪਬਲਿਕ ਥਾਵਾਂ ਤੇ ਥੁੱਕਦਾ ਹੈ ਤਾਂ ਉਸ ਨੂੰ 500 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਉਹਨਾ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਵਿੱਚ ਭੀੜ ਇਕੱਠੀ ਨਾ ਕਰਨ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਉਹਨਾਂ ਅੱਗੇ ਕਿਹਾ ਦੁਕਾਨਾਂ ਦੇ ਅੰਦਰ ਆਉਣ ਵਾਲੇ ਗ੍ਰਾਹਕਾਂ ਦੇ ਲਈ ਸੈਨੇਟਾਈਜ਼ਰ ਦਾ ਵੀ ਇੰਤਜਾਮ ਕੀਤਾ ਜਾਵੇ ਅਤੇ ਗ੍ਰਾਹਕਾਂ ਨੂੰ ਮੂੰਹ ਢੱਕ ਹੀ ਦੁਕਾਨ ਦੇ ਅੰਦਰ ਆਉਣ ਨੂੰ ਪ੍ਰੇਰਿਤ ਕੀਤਾ ਜਾਵੇ।

Leave a Reply

Your email address will not be published. Required fields are marked *

Back to top button