News Today :
Home / Malout News / ਪ੍ਰਦੂਸ਼ਣ ਮੁਕਤ ਦਿਵਾਲੀ – ਵਿਜੈ ਗਰਗ

ਪ੍ਰਦੂਸ਼ਣ ਮੁਕਤ ਦਿਵਾਲੀ – ਵਿਜੈ ਗਰਗ

ਸੰਸਕ੍ਰਿਤ ਭਾਸ਼ਾ ਅਨੁਸਾਰ ਦੀਵਾਲੀ ਦਾ ਅਰਥ ਹੈ ਦੀਪਾਵਾਲੀ ਭਾਵ ਦੀਪਾ ਦੀ ਕਤਾਰ । ਜਿੱਥੇ ਪੁਰਾਤਨ ਸਮੇਂ ਵਿੱਚ ਦੀਵਾਲੀ ਦਾ ਤਿਉਹਾਰ ਘਿਓ ਅਤੇ ਤੇਲ ਦੇ ਦੀਵੇ ਜਗ੍ਹਾਂ ਮਨਾਇਆ ਜਾਂਦਾ ਸੀ ,ਉੱਥੇ ਹੀ ਅੱਜ ਦੇ ਅਧੁਨਿਕ ਯੁੱਗ ਵਿੱਚ ਲੋਕ  ਬਿਜਲੀ ਨਾਲ ਜਗਣ ਵਾਲੀਆਂ ਬਲਬਾਂ ਦੀਆਂ ਲੜੀਆਂ ਦਾ ਪ੍ਰਯੋਗ ਕਰਦੇ ਹਨ। ਇਸ ਦਿਨ ਲੋਕਾਂ ਦੁਆਰਾ ਲੋੜ੍ਹ ਤੋਂ ਵੱਧ ਆਤਿਸ਼ਬਾਜੀ ਅਤੇ ਪਟਾਖਿਆ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਸ ਦੇ ਨਤੀਜੇ ਕਈ ਵਾਰ ਬਹੁਤ ਹੀ ਦਰਦਨਾਕ ਨਿਕਲਦੇ ਹਨ। ਦੀਵਾਲੀ ਤੇ ਹਰ ਸਾਲ ਭਾਰਤ ਵਿੱਚ 800 ਕਰੋੜ ਰੁਪਏ ਦੇ ਪਟਾਖ਼ੇ ਚਲਾਏ ਜਾਂਦੇ ਹਨ। ਹਰ ਸਾਲ ਪਟਾਖਿਆ ਨਾਲ ਲਗਭਗ 13000 ਲੋਕ ਜਿੰਨ੍ਹਾਂ ਵਿੱਚ ਜਿਆਦਾਤਰ ਬੱਚੇ ਹੁੰਦੇ ਹਨ ਆਪਣੇ ਸਰੀਰ ਦੇ ਅੰਗ ਗੁਆ ਬੈਠਦੇ ਹਨ। ਅਜਿਹੀ ਹੀ ਇੱਕ ਦਰਦਨਾਕ ਘਟਨਾ ਮੇਰੇ ਸਾਹਮਣੇ ਆਈ ਜਦੋਂ ਇੱਕ 14-15 ਸਾਲ ਦਾ ਬੱਚਾ ਅਨਾਰ ਚਲਾਉਂਦਿਆ ਹੋਇਆ ਆਪਣੀਆਂ ਅੱਖਾਂ ਦੀ ਜੋਤ ਹਮੇਸ਼ਾ ਲਈ ਗੁਆ ਬੈਠਾ। ਅੱਖਾਂ ਦੇ ਹਸਪਤਾਲ ਦੇ ਮਾਹਰ ਡਾਕਟਰਾਂ ਨੇ ਅੱਖਾਂ ਚੈੱਕ ਕਰਨ ਤੇ ਪਾਇਆ ਕਿ ਉਹ ਜਿੰਦਗੀ ਵਿੱਚ ਕਦੇ ਵੀ ਵੇਖ ਨਹੀਂ ਸਕੇਗਾ। ਉਹ ਬੱਚਾ ਜਿਸ ਨੇ ਵੱਡੇ ਹੋ ਆਪਣੇ ਮਾਂ-ਬਾਪ ਦੀ ਬੁਢਾਪੇ ਦੀ ਲਾਠੀ ਬਣਨਾ ਸੀ ਅੱਜ ਉਹ ਖੁੱਦ ਉਮਰ ਭਰ ਲਈ ਦੂਸਰਿਆ ਦਾ ਮੁਹਤਾਜ ਹੋ ਕੇ ਰਹਿ ਗਿਆ।
ਕਈ ਵਾਰ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਲੋਕ ਆਪਸ ਵਿੱਚ ਜਿੱਦਬਾਜ਼ੀ ਕਰ ਆਤਿਸ਼ਬਾਜੀ ਚਲਾ ਰਹੇ ਹੋਣ। ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਅਜਿਹਾ ਕਰ ਜਿੱਥੇ ਉਹ ਆਪਣਾ ਮਾਲੀ ਨੁਕਸਾਨ ਕਰ ਰਹੇ ਹੁੰਦੇ ਹਨ,ਉਥੇ ਹੀ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹੁੰਦੇ ਹਨ। ਪਟਾਖਿਆ ਵਿੱਚੋ ਨਿਕਲਿਆ ਜ਼ਹਿਰੀਲਾ ਧੂੰਆਂ ਸਾਹ ਦੇ ਮਰੀਜ਼ਾ ਲਈ ਬਹੁਤ ਹਾਨੀਕਾਰਕ ਹੈ। ਇਸ ਜ਼ਹਿਰੀਲੇ ਧੂੰਏਂ ਨਾਲ ਕਈ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।ਆਤਿਸਬਾਜੀ ਦੇ ਧੂੰਏ ਦਾ ਅਸਰ ਬਜ਼ੁਰਗਾ ਅਤੇ ਬੱਚਿਆ ਉਪਰ ਜਿਆਦਾਤਰ ਹੁੰਦਾ ਹੈ। ਪਟਾਖੇ ਕੇਵਲ ਵਾਤਾਵਰਣ ਹੀ ਪ੍ਰਦੂਸ਼ਿਤ ਨਹੀਂ ਕਰਦੇ ਸਗੋਂ ਸ਼ੋਰ ਪ੍ਰਦੂਸ਼ਣ ਵੀ ਵਧਾਉਂਦੇ ਹਨ। ਸਾਡੇ ਕੰਨ ਇੱਕ ਨਿਸ਼ਚਿਤ ਸੀਮਾ ਤੱਕ ਹੀ ਸ਼ੋਰ ਬਰਦਾਸ਼ਤ ਕਰ ਸਕਦੇ ਹਨ। ਅੱਖਾਂ ਜੋ ਸਰੀਰ ਦਾ ਸਭ ਤੋਂ ਨਾਜੁਕ ਅੰਗ ਮੰਨਿਆ ਜਾਂਦਾ ਹੈ ਉਹਨਾਂ ਨੂੰ ਵੀ ਪਟਾਖਿਆ ਤੋਂ ਨਿਕਲਿਆ ਧੂੰਆਂ ਪ੍ਰਭਾਵਿਤ ਕਰਦਾ ਹੈ।
ਆਤਿਸ਼ਬਾਜੀ ਜਿਸ ਦਾ ਅਰਥ ਹੀ ਅੱਗ ਦੀ ਖੇਡ ਹੈ। ਸੋ ਅਜਿਹੀ ਖੇਡ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਖੁਸ਼ੀ ਨੂੰ ਮਨਾਉਣ ਦੇ ਅਤੇ ਪ੍ਰਗਟਾਉਣ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਹਨ। ਅਸੀਂ ਦੀਵਾਲੀ ਦੇ ਦਿਨ ਚੰਗੇ ਕੱਪੜੇ ਪਹਿਨ,ਇੱਕ ਦੂਜੇ ਨੂੰ ਤੋਹਫ਼ੇ ਅਤੇ ਮਠਿਆਈਆਂ ਆਦਿ ਦੇ ਅਤੇ ਘਰ ਨੂੰ ਰੌਸ਼ਨੀਆਂ ਨਾਲ ਰੁਸ਼ਨਾ ਆਪਣੀ ਖੁਸ਼ੀ ਇੱਕ ਦੂਜੇ ਨਾਲ ਸਾਂਝੀ ਕਰ ਸਕਦੇ ਹਾਂ।ਹੋ ਸਕੇ ਤਾਂ ਦਿਵਾਲੀ ਦੇ ਦਿਨ ਬਿਰਧ ਆਸ਼ਰਮ ,ਅਨਾਥ ਆਸ਼ਰਮ ਵਿੱਚ ਜਾ ਕੁੱਝ ਖੁਸ਼ੀਆਂ ਉਹਨਾਂ ਨਾਲ ਸਾਂਝੀਆਂ ਕਰੀਏ ਜਿੰਨ੍ਹਾਂ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ।
ਆਓ ਦੋਸਤੋ ਇਹ ਅਹਿਦ ਕਰੀਏ ਕਿ ਅਸੀਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਵਾਂਗੇ ਪਰ ਇਹ ਤਦ ਹੀ ਸੰਭਵ ਹੈ ਜੇ ਅਸੀਂ ਆਤਿਸ਼ਬਾਜੀ ਦਾ ਪ੍ਰਯੋਗ ਨਾ ਕਰੀਏ । ਅਜਿਹਾ ਕਰ ਅਸੀਂ ਮਾਲੀ ਨੁਕਸਾਨ ਦੇ ਨਾਲ-ਨਾਲ ਅਣਸੁਖਾਵੀ ਘਟਨਾ ਤੋਂ ਵੀ ਬਚ ਪਾਵਾਗੇ।

Comments

comments

Scroll To Top

Facebook

Get the Facebook Likebox Slider Pro for WordPress