Home / Malout News / ਘੁਮਿਆਰੇ ਪਿੰਡ ਦੇ ਕਿਸਾਨ ਨੇ ਜ਼ਮੀਨ ਵਿਚ ਪਰਾਲੀ ਵਾਹ ਝਾੜ ਵਧਾਉਣ ਦਾ ਕੀਤਾ ਸਫਲ ਤਜਰਬਾ

ਘੁਮਿਆਰੇ ਪਿੰਡ ਦੇ ਕਿਸਾਨ ਨੇ ਜ਼ਮੀਨ ਵਿਚ ਪਰਾਲੀ ਵਾਹ ਝਾੜ ਵਧਾਉਣ ਦਾ ਕੀਤਾ ਸਫਲ ਤਜਰਬਾ

ਲੰਬੀ, 14 ਨਵੰਬਰ (ਹਰਪ੍ਰੀਤ ਸਿੰਘ ਹੈਪੀ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਸਾਰੇ ਕਿਸਾਨਾਂ ਨੂੰ ਵਾਤਾਵਰਨ ਦੇ ਰਾਖੇ ਹੋਣ ਦਾ ਮਾਣ ਹਾਸਲ ਹੈ ਜੋ ਹੋਰ ਕਿਸਾਨਾਂ ਦੇ ਰਾਹ ਦਸੇਰੇ ਬਣੇ ਹੋਏ ਹਨ। ਇੰਨਾ ਕਿਸਾਨਾਂ ਨੇ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ ਸਗੋਂ ਬਦਲਵੇਂ ਤਰੀਕਿਆਂ ਨਾਲ ਪਰਾਲੀ ਦਾ ਨਿਪਟਾਰਾ ਕਰਕੇ ਕੁਦਰਤ ਪ੍ਰਤੀ ਆਪਣੇ ਫਰਜਾਂ ਨੂੰ ਨਿਭਾਇਆ ਹੈ। ਸਮਾਜ ਅਜਿਹੇ ਵਾਤਾਵਰਨ ਦੇ ਰਾਖਿਆ ਨੂੰ ਸਲਾਮ ਕਰਦਾ ਹੈ। ਅਜਿਹਾ ਹੀ ਇਕ ਕਿਸਾਨ ਹੈ ਪਿੰਡ ਘੁਮਿਆਰਾ ਦਾ ਮਲਕੀਤ ਸਿੰਘ ਪੁੱਤਰ ਨੱਥਾ ਸਿੰਘ ਜਿਸ ਪਾਸ ਕੁੱਲ 21 ਏਕੜ ਜ਼ਮੀਨ ਹੈ ਅਤੇ ਇਸ ਵਿੱਚੋਂ ਇਹ ਸਾਲ 16 ਏਕੜ ਜ਼ਮੀਨ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਕਰਦਾ ਹੈ।

ਆਪਣੇ ਕੁਦਰਤ ਨਾਲ ਪ੍ਰੇਮ ਦੀ ਕਹਾਣੀ ਦੱਸਦਿਆਂ ਮਲਕੀਤ ਸਿੰਘ ਨੇ ਦੱਸਿਆ, ”ਮੈਂ ਪਿਛਲੇ ਸਾਲ 2 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ। ਸਗੋਂ ਇਸ ਨੂੰ ਰੋਟਾਵੇਟਰ ਨਾਲ ਜ਼ਮੀਨ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕੀਤੀ। ਜਿਸ ਨਾਲ ਮੈਨੂੰ ਕਾਫੀ ਲਾਭ ਹੋਇਆ, ਕਿਉਂਕਿ ਇਸ ਖੇਤ ਨੂੰ ਵੀ ਬਾਕੀ ਖੇਤ ਦੇ ਬਰਾਬਰ ਹੀ ਖਾਦਾਂ ਦੀ ਵਰਤੋਂ ਕੀਤੀ, ਪਰ ਝਾੜ ਇਸਦਾ ਵੱਧ ਰਿਹਾ”। ਉਹ ਅੱਗੇ ਆਖਦਾ ਹੈ, ”ਮੈਂ ਪਿਛਲੇ ਸਮੇਂ ਤੋਂ ਖੇਤੀਬਾੜੀ ਵਿਭਾਗ ਨਾਲ ਜੁੜਿਆਂ ਹੋਇਆਂ ਹਾਂ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖੇਤੀ ਕਰਦਾ ਹਾਂ। ਇਸ ਸਾਲ ਮੇਰੇ ਪਾਸ 16 ਏਕੜ ਰਕਬੇ ਵਿਚ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਸੀ, ਜਿਸਨੂੰ ਵਾਹ ਕੇ ਮੈਂ ਕਣਕ ਦੀ ਬਿਜਾਈ ਕਰਨੀ ਹੈ। ਮੈਂ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਮਨ ਬਣਾਇਆ ਹੈ। ਮੈਂ ਆਪਣਾ ਖੇਤ ਦੋ ਵਾਰ ਤਵੀਆਂ ਨਾਲ ਵਾਹ ਚੁੱਕਾ ਹਾਂ ਅਤੇ ਵੱਤਰ ਆਉਣ ‘ਤੇ ਕਣਕ ਦੀ ਬਿਜਾਈ ਕਰਾਂਗਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸਾਲ ਮੇਰੀ ਫਸਲ ਦੀ ਪੈਦਾਵਾਰ ਵੱਧ ਹੋਵੇਗੀ।”
ਜਦ ਮਲਕੀਤ ਸਿੰਘ ਨੂੰ ਪੁੱਛਿਆ ਕਿ ਉਹ ਹੋਰ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ਤਾਂ ਉਸਨੇ ਆਪਣੇ ਤਜਰਬੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨਾਂ ਨਹੀਂ ਚਾਹੀਦਾ ਹੈ, ਸਗੋਂ ਇਸ ਨੂੰ ਜ਼ਮੀਨ ਵਿਚ ਹੀ ਰੋਟਾਵੇਟਰ/ਹੈਪੀਸੀਡਰ ਨਾਲ ਵਾਹ ਕੇ ਕਣਕ ਦੀ ਬਿਜਾਈ ਕਰਨ, ਕਿਉਂਕਿ ਅਜਿਹਾ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ਅਤੇ ਜ਼ਮੀਨ ਵਿਚਲੇ ਜਰੂਰੀ ਤੱਤ (ਜਿਵੇਂ ਕਿ – ਨਾਈਟ੍ਰੋਜਨ, ਪੋਟਾਸ਼ ਫਾਰਫੋਰਸ ਅਤੇ ਸਲਫਰ ਆਦਿ) ਨਸ਼ਟ ਨਹੀਂ ਹੁੰਦੇ। ਇਸ ਤੋਂ ਇਲਾਵਾ ਫਸਲਾਂ ਦੇ ਮਿੱਤਰ ਕੀੜਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ ਅਤੇ ਫਸਲਾਂ ਦੀ ਪੈਦਾਵਾਰ ਵੀ ਵੱਧ ਹੁੰਦੀ ਹੈ। ਉਸ ਵੱਲੋਂ ਕੀਤੀ ਪਹਿਲ ਨਾਲ ਹੁਣ ਹੋਰ ਕਿਸਾਨ ਵੀ ਉਸ ਤੋਂ ਇਸ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ।

Comments

comments

Scroll To Top

Facebook

Get the Facebook Likebox Slider Pro for WordPress